ਕਰੋੜਾਂ ਦੀ ਲਾਗਤ ਵਾਲਾ ਬੱਸ ਅੱਡਾ ਬਣਿਆ ਚਿੱਟਾ ਹਾਥੀ, 7 ਪਿੰਡਾਂ ਦੀ ਰਾਖੀ ਲਈ ਬਣੀ ਪੁਲਸ ਚੌਂਕੀ ਦੀ ਹਾਲਤ ਖ਼ਸਤਾ

Monday, Jun 24, 2024 - 03:00 PM (IST)

ਕਰੋੜਾਂ ਦੀ ਲਾਗਤ ਵਾਲਾ ਬੱਸ ਅੱਡਾ ਬਣਿਆ ਚਿੱਟਾ ਹਾਥੀ, 7 ਪਿੰਡਾਂ ਦੀ ਰਾਖੀ ਲਈ ਬਣੀ ਪੁਲਸ ਚੌਂਕੀ ਦੀ ਹਾਲਤ ਖ਼ਸਤਾ

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਇਤਿਹਾਸਕ ਨਗਰੀ ਬਾਬਾ ਬਕਾਲਾ ਸਾਹਿਬ ਜਿੱਥੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੌਣੇ ਸਤਾਈ ਸਾਲ ਤਪ ਕੀਤਾ ਪਰ ਇਸ ਨਗਰ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਇੱਥੇ ਬਾਦਲ ਸਰਕਾਰ ਵੇਲੇ ਕਰੋੜਾਂ ਦੀ ਲਾਗਤ ਨਾਲ ਬੱਸ ਅੱਡਾ ਬਣਾ ਕੇ ਪੰਚਾਇਤ ਦੇ ਸਪੁਰਦ ਕੀਤਾ ਗਿਆ ਸੀ, ਪਰ ਉਹ ਬੱਸ ਅੱਡਾ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਸ ਬੱਸ ਸਟੈਂਡ ਅੰਦਰ ਕੋਈ ਬੱਸ ਨਹੀਂ ਖੜ੍ਹਦੀ। ਬੱਸਾਂ ਬੱਸ ਅੱਡੇ ਤੋਂ ਬਾਹਰ ਖੜ੍ਹਦੀਆਂ ਹਨ, ਜਿਸ ਨਾਲ ਬੱਚੇ, ਬਜ਼ੁਰਗ, ਔਰਤਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਸਰਕਾਰੀ ਬੱਸ ਤਾਂ ਇੱਥੇ ਕੋਈ ਕੋਈ ਖੜ੍ਹਦੀ ਹੈ, ਜੇ ਖੜ੍ਹਦੀ ਹੈ ਵੀ ਤਾਂ ਉਹ ਕਾਫੀ ਅੱਗੇ ਜਾਂ ਕਾਫੀ ਪਿੱਛੇ ਖੜ੍ਹਦੀ ਹੈ, ਜਦੋਂ ਸਵਾਰੀਆਂ ਭੱਜਕੇ ਬੱਸ ’ਤੇ ਚੜ੍ਹਣ ਲਗਦੀਆਂ ਹਨ ਤਾਂ ਡਰਾਈਵਰ ਬੱਸ ਭਜਾ ਲੈਂਦੇ ਹਨ।

ਇਹ ਵੀ ਪੜ੍ਹੋ-  ਲੂ ਦੇ ਸੇਕੇ ਨੇ ਮਚਾਇਆ ਕਹਿਰ, ਸਿਖਰਾਂ 'ਤੇ ਪੁੱਜਾ ਪਾਰਾ, ਰਿਕਸ਼ਾ ਚਾਲਕਾਂ ਦੇ ਕੰਮਕਾਜ ਪਏ ਠੱਪ

ਆਧਾਰ ਕਾਰਡ ’ਤੇ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਕਾਰਨ ਡਿਊਟੀ ’ਤੇ ਜਾਣ ਵਾਲੀਆਂ ਔਰਤਾਂ ਵੀ ਡਿਊਟੀ ਤੋਂ ਲੇਟ ਹੋ ਜਾਂਦੀਆਂ ਹਨ ਅਤੇ ਸ਼ਾਮੀਂ ਵਾਪਸ ਘਰ ਜਾਣ ਵੇਲੇ ਵੀ ਅਜਿਹੀ ਹੀ ਹਾਲਤ ਹੁੰਦੀ ਹੈ । ਇੱਥੇ ਸੱਤ ਪਿੰਡਾਂ ਦੀ ਰਾਖੀ ਲਈ ਪੁਲਸ ਚੌਕੀ ਬਣੀ ਹੈ, ਪਰ ਉਸਦੀ ਹਾਲਤ ਵੀ ਇਸ ਵੇਲੇ ਤਰਸਯੋਗ ਬਣੀ ਹੈ, ਪੁਲਸ ਨੇ ਵੀ. ਆਈ. ਪੀ. ਲੋਕਾਂ ਨੂੰ ਤਾਂ ਕਈ ਕਈ ਗੰਨਮੈਨ ਦਿੱਤੇ ਹੋਏ ਹਨ, ਪਰ ਆਮ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੈ।

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਇਸ ਚੌਕੀ ਅਧੀਨ ਬਾਬਾ ਬਕਾਲਾ ਸਾਹਿਬ, ਠੱਠੀਆਂ, ਬੇਦਾਦਪੁਰ, ਲੱਖੂਵਾਲ, ਜੱਲੂਵਾਲ, ਪੱਡੇਆਣਾ, ਹਵੇਲੀਆਣਾ ਪਿੰਡ ਹਨ, ਜਿਨ੍ਹਾਂ ਦੀ ਅਬਾਦੀ ਕਰੀਬ 20-22 ਹਜ਼ਾਰ ਦੇ ਕਰੀਬ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਇੱਥੇ ਕੇਵਲ 4 ਮੁਲਾਜ਼ਮ ਹੀ ਹਨ, ਉਹ ਵੀ ਵੀ. ਆਈ. ਪੀ. ਡਿਊਟੀ ਤੋਂ ਇਲਾਵਾ ਹੋਰਨਾਂ ਕੇਸਾਂ ’ਚ ਕੋਰਟਾਂ ’ਚ ਜਾਂਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਹੀ ਇੱਥੋਂ ਦੇ 4 ਮੁਲਾਜ਼ਮ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਸਰਬਜੀਤ ਸਿੰਘ, ਹੈੱਡਕਾਂਸਟੇਬਲ ਹਰਪਾਲ ਸਿੰਘ, ਹੈੱਡ ਕਾਂਸਟੇਬਲ ਰਜਿੰਦਰ ਸਿੰਘ ਦੀ ਬਦਲੀ ਹੋ ਚੁੱਕੀ ਹੈ, ਪਰ ਇਨ੍ਹਾਂ ਦੀ ਜਗ੍ਹਾ ਹੋਰ ਸਟਾਫ ਨਹੀਂ ਭੇਜਿਆ ਗਿਆ, ਕੇਵਲ ਚੌਂਕੀ ਇੰਚਾਰਜ ਤਰਸੇਮ ਸਿੰਘ ਹੀ ਆਏ ਹਨ, ਜੋ ਹਾਲ ਈ ਵਿੱਚ ਥਾਣਾ ਘਰਿੰਡਾ ਤੋਂ ਬਦਲਕੇ ਆਏ ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਇਸ ਤੋਂ ਇਲਾਵਾ ਤਿੰਨ ਹੋਰ ਮੁਲਾਜ਼ਮ ਹੈੱਡਕਾਂਸਟੇਬਲ ਮਨਦੀਪ ਸਿੰਘ, ਏ.ਐੱਸ.ਆਈ ਗੁਰਦੀਪ ਸਿੰਘ, ਸ਼ਾਦੀ ਲਾਲ ਪੰਜਾਬ ਹੋਮਗਾਰਡ ਹੀ ਹਨ । ਇੱਥੇ ਸਟਾਫ ਦੀ ਕਮੀ ਕਾਰਣ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਹਨ । ਇੱਥੋਂ ਦੇ ਵਸਨੀਕਾਂ ਸਰਬਜੀਤ ਸਿੰਘ ਸੰਧੂ, ਮਾ. ਇਕਬਾਲ ਸਿੰਘ, ਬਾਬਾ ਮੋਹਨ ਸਿੰਘ ਕੰਗ, ਕੁਲਵੰਤ ਸਿੰਘ ਰੰਧਾਵਾ, ਪ੍ਰਧਾਨ ਸੁਖਦੇਵ ਸਿੰਘ ਔਜਲਾ, ਪ੍ਰਧਾਨ ਸਵਰਨ ਸਿੰਘ ਕਾਲਾ, ਜੈਮਲ ਸਿੰਘ ਭੁੱਲਰ, ਡਾ: ਜਸਵੰਤ ਸਿੰਘ, ਸੂਬੇਦਾਰ ਹਰਜੀਤ ਸਿੰਘ, ਰਾਜਵਿੰਦਰ ਸਿੰਘ ਗੋਲਡਨ ਆਦਿ ਨੇ ਮੰਗ ਕੀਤੀ ਹੈ ਕਿ ਪੁਲਸ ਚੌਕੀ ਵਿਚ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਹੋ ਸਕੇ ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ, ਨਾਜਾਇਜ਼ ਅਸਲੇ ’ਤੇ ਪਾਬੰਦੀ ਨਹੀਂ ਲਗਾ ਸਕੀ ਪੁਲਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News