ਇਕ ਨਵੰਬਰ ਨੂੰ ਇਸ ਜਗ੍ਹਾ ਹੋ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀਆਂ ਵਿਚਾਲੇ ਬਹਿਸ

Wednesday, Oct 11, 2023 - 09:27 PM (IST)

ਇਕ ਨਵੰਬਰ ਨੂੰ ਇਸ ਜਗ੍ਹਾ ਹੋ ਸਕਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀਆਂ ਵਿਚਾਲੇ ਬਹਿਸ

ਚੰਡੀਗੜ੍ਹ/ਜਲੰਧਰ (ਬਿਊਰੋ/ਨਰਿੰਦਰ ਮੋਹਨ) : ਟੈਗੋਰ ਥਿਏਟਰ ਉਂਝ ਤਾਂ ਨਾਟਕ ਕਲਾ ਲਈ ਸੰਸਕ੍ਰਿਤਕ ਚੇਤਨਾ ਦਾ ਸੰਚਾਰ ਕਰਨ ਲਈ ਪ੍ਰਸਿੱਧ ਹੈ ਪਰ ਇਹ ਹੁਣ ਪੰਜਾਬ ਦੇ ਸਿਆਸੀ ਨਾਟਕ ਦਾ ਗਵਾਹ ਬਣਨ ਲਈ ਤਿਆਰ ਹੈ। ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਇਸ ਥਿਏਟਰ ਨੂੰ ਵਿਰੋਧੀ ਧਿਰ ਨਾਲ ਬਹਿਸ ਕਰਨ ਲਈ ਬੁੱਕ ਕਰਵਾਇਆ ਹੈ। ਅਸਲ ’ਚ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸ. ਵਾਈ. ਐੱਲ. (ਸਤਲੁਜ ਯਮੁਨਾ ਲਿੰਕ ਨਹਿਰ) ਸਮੇਤ ਪੰਜਾਬ ਦੇ ਹੋਰ ਕਈ ਅਹਿਮ ਮੁੱਦਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਹੈ। ਹੁਣ ਜਦੋਂ ਇਸ ਸਿਆਸੀ ਨਾਟਕ ਦੀ ਸਕ੍ਰਿਪਟ ਤਿਆਰ ਹੋ ਗਈ ਹੈ, ਤਾਂ ਸੂਬਾ ਸਰਕਾਰ ਨੇ ਇਸ ਲਈ ਚੰਡੀਗੜ੍ਹ ਸਥਿਤ ਟੈਗੋਰ ਥਿਏਟਰ ਨੂੰ ਚੁਣਿਆ ਹੈ ਅਤੇ ਇਸ ਨੂੰ 1 ਨਵੰਬਰ ਲਈ ਬੁੱਕ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਬਹਿਸ ਕਿਸ ਤਰ੍ਹਾਂ ਦੀ ਹੋਵੇਗੀ ਪਰ ਇਹ ਥਿਏਟਰ ਸਿਆਸੀ ਆਗੂਆਂ ਅਤੇ ਪਾਰਟੀਆਂ ਵੱਲੋਂ ਇਕ ਦੂਜੇ ’ਤੇ ਦੋਸ਼ ਮੜ੍ਹਣ ਵਾਲੀਆਂ ਵੱਖ-ਵੱਖ ਸਿਆਸੀ ਧਿਰਾਂ ਦੀ ਹੋਣ ਵਾਲੀ ਬਹਿਸ ਦਾ ਗਵਾਹ ਜ਼ਰੂਰ ਬਣ ਸਕਦਾ ਹੈ। 

ਇਹ ਵੀ ਪੜ੍ਹੋ : ਵਾਹਨ ਲੈ ਕੇ ਰੋਡ ’ਤੇ ਨਿਕਲਣ ਸਮੇਂ ਜ਼ਰਾ ਸਾਵਧਾਨ, ਰਸਤੇ ’ਚ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਕੁੱਝ

ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਇਸ ਬਹਿਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 20 ਅਤੇ 21 ਅਕਤੂਬਰ ਨੂੰ ਵਿਧਾਨ ਸਭਾ ਦਾ ਦੋ-ਦਿਨਾ ਸੈਸ਼ਨ ਵੀ ਬੁਲਾ ਲਿਆ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਜਦੋਂ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਕਾਰ ਵਿਧਾਨ ਸਭਾ ਦੀ ਬਜਾਏ ਕਿਸੇ ਜਨਤਕ ਥਾਂ 'ਤੇ ਬਹਿਸ ਹੋਵੇਗੀ। ਇਸ ਬਹਿਸ ਦਾ ਸੱਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤਾ ਹੈ। ਇਸ ਬਹਿਸ ਲਈ ਟੈਗੇਰ ਥਿਏਟਰ ਨੂੰ ਚੁਣਨ ਦਾ ਸੁਝਾਅ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਤਾ ਸੀ। ਮੁੱਖ ਮੰਤਰੀ ਨੇ ਇਸ ਸਲਾਹ ਨੂੰ ਮੰਨਦੇ ਹੋਏ ਇਸ ਨੂੰ ਬੁੱਕ ਕਰ ਲਿਆ ਹੈ। ਇਹ ਬਹਿਸ ਕਿੰਨੀ ਦੇਰ ਚੱਲੇਗੀ ਜਾਂ ਕਿਹੜੇ-ਕਿਹੜੇ ਆਗੂ ਇਸ 'ਚ ਸ਼ਾਮਲ ਹੋਣਗੇ, ਇਹ ਅਜੇ ਤੈਅ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ : ਸੀ. ਬੀ. ਐੱਸ. ਈ. ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਹੁਕਮ

ਸੂਤਰਾਂ ਦੀ ਮੰਨੀਏ ਤਾਂ ਛੇਤੀ ਹੀ ਬਹਿਸ ਦਾ ਵਿਸ਼ਾ ਅਤੇ ਸੱਦੇ ਜਾਣ ਵਾਲੇ ਆਗੂਆਂ ਬਾਰੇ ਫੈਸਲਾ ਲੈ ਲਿਆ ਜਾਵੇਗਾ। ਅਜੇ ਤਾਂ ਸਭ ਦੀਆਂ ਨਜ਼ਰਾਂ ਵਿਰੋਧੀ ਧਿਰ ’ਤੇ ਟਿਕੀਆਂ ਹੋਈਆਂ ਹਨ ਕਿ ਉਨ੍ਹਾਂ ਦਾ ਇਸ ਬਹਿਸ ਬਾਰੇ ਕੀ ਵਿਚਾਰ ਹੈ ਕਿਉਂਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਹਿਸ ਦੀ ਚੁਣੌਤੀ ਸਵੀਕਾਰ ਤਾਂ ਕਰ ਲਈ ਸੀ ਪਰ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਕ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੇ ਕਿਸ ਦੇ ਦਬਾਅ ’ਚ ਆ ਕੇ ਸੁਪਰੀਮ ਕੋਰਟ ਅੱਗੇ ਗੋਡੇ ਟੇਕੇ ਸਨ, ਜਦਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਤੋਂ 8 ਸਵਾਲ ਪੁੱਛੇ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਇਹ ਬਹਿਸ ਵਿਧਾਨ ਸਭਾ ਦੀ ਬੈਠਕ ਤੋਂ ਪਹਿਲਾਂ ਕਿਉਂ ਨਹੀਂ ਰੱਖੀ ਗਈ। ਹੁਣ ਇਹ ਫ਼ੈਸਲਾ ਵਿਰੋਧੀ ਪਾਰਟੀਆਂ 'ਤੇ ਹੈ ਕਿ ਉਹ ਬਹਿਸ 'ਚ ਹਿੱਸਾ ਲੈਣਗੇ ਜਾਂ ਮੁੱਖ ਮੰਤਰੀ ਤੋਂ ਪਹਿਲਾਂ ਆਪਣੇ ਸਵਾਲਾਂ ਦੇ ਜਵਾਬ ਮੰਗਣਗੇ।

ਟੈਗੋਰ ਥਿਏਟਰ ਵੱਲੋਂ ਸਿਆਸੀ ਬਹਿਸ ਕਰਵਾਉਣ ਤੋਂ ਇਨਕਾਰ

1 ਨਵੰਬਰ ਨੂੰ ਲਿੰਕ ਨਹਿਰ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਰਵਾਈ ਜਾਣ ਵਾਲੀ ਖੁੱਲ੍ਹੀ ਬਹਿਸ 'ਤੇ ਵਿਰਾਮ ਲਗਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਸਥਿਤ ਟੈਗੋਰ ਥਿਏਟਰ ਦੇ ਡਾਇਰੈਕਟਰ ਨੇ ਪੰਜਾਬ ਸਰਕਾਰ ਨੂੰ ਭੇਜੇ ਜਵਾਬ ਵਿਚ ਕਿਹਾ ਹੈ ਕਿ ਟੈਗੋਰ ਥਿਏਟਰ ਵਿਚ ਕਦੀ ਵੀ ਧਾਰਮਿਕ ਸਮਾਗਮ ਜਾਂ ਸਿਆਸੀ ਬਹਿਸ ਨਹੀਂ ਹੁੰਦੀ। ਟੈਗੋਰ ਥਿਏਟਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਫ਼ਿਲਹਾਲ ਮੁੱਖਮੰਤਰੀ ਵੱਲੋਂ 1 ਨਵੰਬਰ ਨੂੰ ਟੈਗੋਰ ਥਿਏਟਰ ਦੀ ਬੁਕਿੰਗ ਲਈ ਗੱਲ ਹੋਈ ਸੀ, ਪਰ ਅਜੇ ਤਕ ਬੁਕਿੰਗ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ ’ਚ ਵਾਪਰੇ ਭਿਆਨਕ ਹਾਦਸੇ ਨੇ ਘਰ ’ਚ ਵਿਛਾਏ ਸੱਥਰ, ਜੀਜਾ-ਸਾਲੇ ਦੀ ਇਕੱਠਿਆਂ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News