ਪੰਜਾਬੀ ਨੌਜਵਾਨ ਦੀ ਹਾਦਸੇ ''ਚ ਮੌਤ
Thursday, Aug 23, 2018 - 07:03 AM (IST)

ਫਗਵਾੜਾ (ਕੈਂਥ, ਹਰਜੋਤ)— ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਇਕ ਪੰਜਾਬੀ ਨੌਜਵਾਨ ਦੀ ਕੰਮ ਮੌਕੇ ਵਾਪਰੇ ਹਾਦਸੇ 'ਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਦਾ ਜਿੰਮੀ ਕੁਮਾਰ (24) ਵਾਸੀ ਭੁੱਲਾਰਾਈ ਨੇੜੇ ਫਗਵਾੜਾ (ਕਪੂਰਥਲਾ) ਲੱਖਾਂ ਰੁਪਏ ਕਰਜ਼ਾ ਚੁੱਕ ਕੇ ਘਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਲਈ ਸੁਪਨੇ ਸਜਾਈ 2 ਮਹੀਨੇ ਪਹਿਲਾਂ ਹੀ ਇਟਲੀ ਆਇਆ ਸੀ। ਉਸ ਨੂੰ ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਇਕ ਡੇਅਰੀ ਫਾਰਮ 'ਚ ਕੰਮ ਮਿਲ ਗਿਆ, ਜਿੱਥੇ ਕਿ ਬੀਤੇ ਦਿਨ ਟਰੈਕਟਰ ਨਾਲ ਕੰਮ ਕਰਦੇ ਸਮੇਂ ਜਿੰਮੀ ਕੁਮਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਬੇਸ਼ੱਕ ਘਟਨਾ ਦੀ ਖ਼ਬਰ ਮਿਲਦੇ ਹੀ ਐਮਰਜੈਂਸੀ ਐਂਬੂਲੈਂਸ ਦੀ ਟੀਮ ਆ ਗਈ ਸੀ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਮ੍ਰਿਤਕ ਜਿੰਮੀ ਕੁਮਾਰ ਦੀ ਲਾਸ਼ ਪੁਲਸ ਨੇ ਕਬਜ਼ੇ 'ਚ ਲੈ ਕੇ ਸੰਨ ਕਾਰਲੋ ਹਸਪਤਾਲ ਦੇ ਡੈੱਡਬਾਡੀ ਵਿਭਾਗ 'ਚ ਜਮ੍ਹਾ ਕਰ ਦਿੱਤੀ ਹੈ ਤੇ ਇਸ ਸਾਰੀ ਘਟਨਾ ਦੇ ਕਾਰਨਾਂ ਦੀ ਪੁਲਸ ਜਾਂਚ ਕਰ ਰਹੀ ਹੈ। ਸਾਰੀ ਕਾਰਵਾਈ ਪੂਰੀ ਕਰਨ ਉਪਰੰਤ ਮ੍ਰਿਤਕ ਜਿੰਮੀ ਕੁਮਾਰ ਦੀ ਲਾਸ਼ ਨੂੰ ਭਾਰਤ ਭੇਜਿਆ ਜਾਵੇਗਾ।