ਪਿਓ ਤੋਂ ਬਾਅਦ ਪੁਲਸ ਮੁਲਾਜ਼ਮ ਬਣੇ ਪੁੱਤਰ ਨਾਲ ਵੀ ਵਾਪਰਿਆ ਭਾਣਾ, ਦਰਦਨਾਕ ਸੜਕ ਹਾਦਸੇ ''ਚ ਗੁਆਈ ਜਾਨ
Thursday, Mar 14, 2024 - 12:02 AM (IST)
ਕਾਲਾ ਸੰਘਿਆਂ (ਨਿੱਝਰ)- ਪੁਲਸ ਚੌਕੀ ਵਡਾਲਾ (ਨੇੜੇ ਸਾਇੰਸ ਸਿਟੀ) ਜ਼ਿਲ੍ਹਾ ਕਪੂਰਥਲਾ ਵਿਖੇ ਆਪਣੀ ਡਿਊਟੀ ਕਰ ਕੇ ਘਰ ਪਰਤ ਰਹੇ ਨੌਜਵਾਨ ਪੁਲਸ ਮੁਲਾਜ਼ਮ ਨਾਲ ਭਿਆਨਕ ਹਾਦਸਾ ਵਾਪਰ ਗਿਆ। ਉਸ ਦੀ ਕਾਰ ਦਾ ਪਿੰਡ ਅਠੌਲਾ ਦੇ ਨੇੜੇ ਟਾਇਰ ਫਟ ਗਿਆ, ਜਿਸ ਕਾਰਨ ਬੇਕਾਬੂ ਹੋਈ ਕਾਰ ਹਾਦਸਾਗ੍ਰਸਤ ਹੋ ਗਈ ਤੇ ਪੁਲਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਿਕ ਪਿੰਡ ਅਠੌਲਾ ਦੇ ਵਸਨੀਕ ਮਨਦੀਪ ਸਿੰਘ ਉਰਫ਼ ਮਨੂੰ (24) ਦੇ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਕ ਪੁਲਸ ਮੁਲਾਜ਼ਮ ਸਨ ਤੇ ਇਕ ਸੜਕ ਹਾਦਸੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਦੇ ਤਰਸ ਦੇ ਆਧਾਰ 'ਤੇ ਮਨਦੀਪ ਨੂੰ ਪੁਲਸ ਵਿਭਾਗ 'ਚ ਨੌਕਰੀ ਮਿਲੀ ਸੀ।
ਮਨਦੀਪ ਸਿੰਘ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪੁਲਸ ਚੌਂਕੀ ਵਡਾਲਾ ਵਿਖੇ ਡਿਊਟੀ ਕਰ ਰਿਹਾ ਸੀ। ਬੀਤੀ ਰਾਤ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਦੇਰ ਰਾਤ ਕਰੀਬ 10:30 ਵਜੇ ਆਪਣੇ ਪਿੰਡ ਅਠੌਲਾ ਨੂੰ ਪਰਤ ਰਿਹਾ ਸੀ ਕਿ ਤਾਂ ਰਸਤੇ ’ਚ ਟਾਇਰ ਫਟਣ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਮਨਦੀਪ ਸਿੰਘ ਮੰਨੂ ਦਾ ਪਿਤਾ ਗੁਰਦੀਪ ਸਿੰਘ ਬਿੱਟੂ ਵੀ ਇਸੇ ਤਰ੍ਹਾਂ ਹੀ ਕਥਿਤ ਟਰੇਨ ਹਾਦਸੇ ਵਿਚ ਅਕਾਲ ਚਲਾਣਾ ਕਰ ਗਿਆ ਸੀ ਤੇ ਉਹ ਵੀ ਪੁਲਸ ਮੁਲਾਜ਼ਮ ਸੀ। ਮ੍ਰਿਤਕ ਦੇਹ ਦਾ ਪਿੰਡ ਅਠੌਲਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਮਨਦੀਪ ਸਿੰਘ ਮਨੂੰ, ਜੋ ਕਿ ਵਿਆਹਿਆ ਹੋਇਆ ਸੀ ਤੇ ਉਹ ਆਪਣੇ ਪਿੱਛੇ ਮਾਤਾ, ਪਤਨੀ ਤੇ ਦੋ ਛੋਟੀਆਂ ਬੱਚੀਆਂ ਨੂੰ ਛੱਡ ਗਿਆ ਹੈ। ਮਨਦੀਪ ਸਿੰਘ ਮੰਨੂ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਪਿੰਡ ਅਠੌਲਾ ਦਾ ਕਮੇਟੀ ਮੈਂਬਰ ਵੀ ਸੀ। ਇਸੇ ਦੌਰਾਨ ਜਗਤਾਰ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ 'ਤੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਫਤਿਹ ਸਿੰਘ ਸੋਹਲ ਤੇ ਸਮੁੱਚੀ ਟੀਮ ਤੇ ਨਗਰ ਨਿਵਾਸੀਆਂ ਵੱਲੋਂ ਮਨਦੀਪ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e