ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ

Friday, Jan 20, 2023 - 07:41 PM (IST)

ਟੋਭੇ 'ਚ ਡਿੱਗਣ ਕਾਰਨ 6 ਸਾਲਾ ਬੱਚੇ ਦੀ ਮੌਤ, ਕਾਲੋਨੀ ਵਾਸੀਆਂ ਨੇ ਲਾਸ਼ ਸੜਕ 'ਤੇ ਰੱਖ ਕੇ ਲਾਇਆ ਜਾਮ

ਬੁਢਲਾਡਾ (ਬਾਂਸਲ, ਅਮਰਜੀਤ) : ਬਰ੍ਹੇ ਰੋਡ 'ਤੇ ਜੀਵਨ ਕਾਲੋਨੀ 'ਚ ਇਕ 6 ਸਾਲਾ ਬੱਚੇ ਦੀ ਨਿਕਾਸੀ ਲਈ ਬਣੇ ਟੋਭੇ 'ਚ ਡੁੱਬ ਕੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਦੇ ਰੋਸ ਵਜੋਂ ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਖ਼ਿਲਾਫ਼ ਬੱਚੇ ਦੀ ਲਾਸ਼ ਰੇਲਵੇ ਓਵਰਬ੍ਰਿਜ ਤੋਂ ਪਹਿਲਾ ਬੋਹਾ ਭੀਖੀ ਰੋਡ 'ਤੇ ਰੱਖ ਕੇ ਧਰਨਾ ਦੇ ਕੇ ਜਾਮ ਲਗਾ ਦਿੱਤਾ। ਜਾਣਕਾਰੀ ਅਨੁਸਾਰ ਵਾਰਡ ਨੰ. 17 ਦੀ ਜੀਵਨ ਕਾਲੋਨੀ 'ਚ ਏਕਮ ਸਿੰਘ (6) ਪੁੱਤਰ ਕੁਲਦੀਪ ਸਿੰਘ ਜੋ ਆਪਣੀ ਨਾਨੀ ਦੇ ਘਰ ਰਹਿ ਰਿਹਾ ਸੀ, ਦਾ ਖੇਡਦਿਆਂ ਅਚਾਨਕ ਪੈਰ ਨਿਕਾਸੀ ਲਈ ਬਣੇ ਟੋਭੇ 'ਚ ਫਿਸਲ ਗਿਆ। ਮੁਹੱਲਾ ਵਾਸੀਆਂ ਵੱਲੋਂ ਉਸ ਨੂੰ ਟੋਭੇ 'ਚੋਂ ਕੱਢ ਕੇ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਘਰ ਦੇ ਬਾਹਰ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਿਆ ਤਾਂ ਤੇਜ਼ਧਾਰ ਹਥਿਆਰਾਂ ਨਾਲ ਕਰ 'ਤਾ ਜਾਨਲੇਵਾ ਹਮਲਾ

ਇਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਰੋਸ ਵਜੋਂ ਨਗਰ ਕੌਂਸਲ ਦੀ ਅਣਗਹਿਲੀ ਕਰਾਰ ਦਿੰਦਿਆਂ ਓਵਰਬ੍ਰਿਜ ਮੂਹਰੇ ਲਾਸ਼ ਰੱਖ ਕੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਜੀਵਨ ਕਾਲੋਨੀ 'ਚ ਲੰਬੇ ਸਮੇਂ ਤੋਂ ਸੀਵਰੇਜ ਅਤੇ ਨਿਕਾਸੀ ਲਈ ਕੋਈ ਪੁਖਤਾ ਇੰਤਜ਼ਾਮ ਨਾ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਧਰਨੇ ਦੌਰਾਨ ਐੱਸ.ਐੱਚ.ਓ. ਸਿਟੀ ਬੂਟਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਮਾਮਲਾ ਲਿਆਂਦਾ। ਧਰਨੇ ਕਾਰਨ ਭੀਖੀ ਬੋਹਾ ਨੂੰ ਜਾਣ ਵਾਲਾ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News