ਪਾਸਪੋਰਟ ਦਫਤਰ ''ਚ ਕੰਮ ਕਰਦੇ ਨੌਜਵਾਨ ਦੀ ਟ੍ਰੇਨ ਹੇਠ ਆਉਣ ਨਾਲ ਮੌਤ

Thursday, Nov 16, 2017 - 07:50 AM (IST)

ਪਾਸਪੋਰਟ ਦਫਤਰ ''ਚ ਕੰਮ ਕਰਦੇ ਨੌਜਵਾਨ ਦੀ ਟ੍ਰੇਨ ਹੇਠ ਆਉਣ ਨਾਲ ਮੌਤ

ਜਲੰਧਰ, (ਮਹੇਸ਼)— ਸਥਾਨਕ ਪਾਸਪੋਰਟ ਦਫਤਰ ਵਿਖੇ ਕੰਮ ਕਰਦੇ ਦਿੱਲੀ ਵਾਸੀ 24 ਸਾਲਾ ਇਕ ਨੌਜਵਾਨ ਦੀ ਬੱÎੁਧਵਾਰ ਧੰਨੋਵਾਲੀ ਰੇਲਵੇ ਫਾਟਕ ਨੇੜੇ ਨੰਗਲ ਡੈਮ ਟ੍ਰੇਨ ਆਉਣ ਨਾਲ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਜੀ. ਆਰ. ਪੀ. ਚੌਕੀ ਜਲੰਧਰ ਕੈਂਟ ਦੇ ਇੰਚਾਰਜ ਅਸ਼ੋਕ ਕੁਮਾਰ ਅਤੇ ਮਨਜੀਤ ਸਿੰਘ ਮੌਕੇ'ਤੇ ਪੁੱਜੇ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਰੇਲਵੇ ਪੁਲਸ ਮੁਤਾਬਕ ਮ੍ਰਿਤਕ ਦੀ ਪਛਾਣ ਰਾਹੁਲ ਭਾਟੀਆ ਪੁੱਤਰ ਜਗਦੀਸ਼ ਭਾਟੀਆ ਵਜੋਂ ਹੋਈ ਹੈ। ਉਹ ਮੂਲ ਰੂਪ ਵਿਚ ਦਿੱਲੀ ਦਾ ਵਾਸੀ ਸੀ ਅਤੇ ਜਲੰਧਰ ਦੇ ਪਾਸਪੋਰਟ ਦਫਤਰ ਵਿਚ ਕੰਮ ਕਰਦੇ ਹੋਣ ਕਾਰਨ ਡਿਫੈਂਸ ਕਾਲੋਨੀ ਵਿਖੇ ਕਿਰਾਏ ਦੇ ਇਕ ਮਕਾਨ ਵਿਚ ਰਹਿੰਦਾ ਸੀ। ਰਾਹੁਲ ਭਾਟੀਆ ਦੇ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਬੁੱਧਵਾਰ ਨੂੰ ਅੱਧੇ ਦਿਨ ਦੀ ਛੁੱਟੀ ਲੈ ਕੇ ਗਿਆ ਸੀ। ਉਸ ਨੇ ਕਿਹਾ ਸੀ ਕਿ ਉਸ ਦੀ ਸਿਹਤ ਕੁਝ ਠੀਕ ਨਹੀਂ ਹੈ। ਉਹ ਧੰਨੋਵਾਲੀ ਰੇਲਵੇ ਫਾਟਕ ਨੇੜੇ ਕਿਵੇਂ ਪੁੱਜਾ, ਇਸ ਕਾਰਨ ਉਸ ਵਲੋਂ ਆਤਮਹੱਤਿਆ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਰੇਲਵੇ ਪੁਲਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਦੀ ਮੌਤ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ। ਪੁਲਸ ਵੀ ਇਸ ਗੱਲ ਨੂੰ ਲੈ ਕੇ ਬਹੁਤ ਹੈਰਾਨ ਹੈ ਕਿ ਡਿਫੈਂਸ ਕਾਲੋਨੀ ਵਿਚ ਰਹਿਣ ਵਾਲਾ ਨੌਜਵਾਨ ਦਫਤਰ 'ਚੋਂ ਅੱਧੇ ਦਿਨ ਦੀ ਛੁੱਟੀ ਲੈਣ ਪਿੱਛੋਂ ਧੰਨੋਵਾਲੀ ਰੇਲਵੇ ਫਾਟਕ ਨੇੜੇ ਕਿਵੇਂ ਪੁੱਜਾ।
ਦੂਜੇ ਪਾਸੇ ਨੰਗਲ ਡੈਮ ਟ੍ਰੇਨ ਦੇ ਡਰਾਈਵਰ ਦਾ ਵੀ ਰੇਲਵੇ ਪੁਲਸ ਨੂੰ ਇਹੀ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨੇ ਟਰੈਕ 'ਤੇ ਟ੍ਰੇਨ ਨੂੰ ਆਉਂਦਿਆਂ ਵੇਖ ਲਿਆ ਸੀ ਪਰ ਇਸ ਦੇ ਬਾਵਜੂਦ ਉਹ ਪਿੱਛੇ ਨਹੀਂ ਹੋਇਆ। ਦੂਜੇ ਟਰੈਕ 'ਤੇ ਇਕ ਮਾਲ ਗੱਡੀ ਵੀ ਆ ਰਹੀ ਸੀ। ਫਿਲਹਾਲ ਰੇਲਵੇ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਰਾਹੁਲ ਭਾਟੀਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।


Related News