ਮੀਂਹ ਦੇ ਪਾਣੀ ''ਚ ਕਰੰਟ ਆਉਣ ਨਾਲ ਨੌਜਵਾਨ ਦੀ ਮੌਤ

Friday, Jun 30, 2017 - 02:51 AM (IST)

ਮੀਂਹ ਦੇ ਪਾਣੀ ''ਚ ਕਰੰਟ ਆਉਣ ਨਾਲ ਨੌਜਵਾਨ ਦੀ ਮੌਤ

ਬਠਿੰਡਾ(ਸੁਖਵਿੰਦਰ)-ਮੀਂਹ ਦੇ ਪਾਣੀ 'ਚ ਕਰੰਟ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਲਗਭਗ 7 ਵਜੇ ਕੁਲਦੀਪ ਸਿੰਘ (32) ਵਾਸੀ ਹੀਰਾ ਚੌਕ ਸਿਰਕੀ ਬਾਜ਼ਾਰ 'ਚ ਆਪਣੀ ਦੁਕਾਨ 'ਤੇ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਇਕ ਜਗ੍ਹਾ ਖੜ੍ਹੇ ਮੀਂਹ ਦੇ ਪਾਣੀ 'ਚ ਅਚਾਨਕ ਕਰੰਟ ਆ ਗਿਆ ਤੇ ਉਕਤ ਵਿਅਕਤੀ ਕਰੰਟ ਦੀ ਲਪੇਟ 'ਚ ਆ ਗਿਆ। ਇਸ ਤੋਂ ਬਾਅਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਬਿਜਲੀ ਨੂੰ ਬੰਦ ਕਰਵਾਇਆ ਗਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ 'ਚ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਕਤ ਜਗ੍ਹਾ 'ਤੇ ਇਕ ਲੋਹੇ ਦਾ ਖੰਭਾ ਲੱਗਿਆ ਹੋਇਆ ਹੈ, ਜਿਸ 'ਚ ਪਿਛਲੇ ਕਾਫ਼ੀ ਸਮੇਂ ਤੋਂ ਕਰੰਟ ਆ ਰਿਹਾ ਸੀ। ਇਸ ਸਬੰਧੀ ਉਹ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਚੁੱਕੇ ਹਨ ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਇਸ ਦਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਰੋਸ ਜਤਾਇਆ ਕਿ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਹੀ ਉਕਤ ਹਾਦਸਾ ਵਾਪਰ ਗਿਆ।


Related News