ਇਲਾਕੇ ''ਚ ਮੀਂਹ ਦਾ ਪਾਣੀ ਖੜਣ ''ਤੇ ਹੰਗਾਮਾ! ਪਾਣੀ ਵਾਲੀ ਟੈਂਕੀ ''ਤੇ ਜਾ ਚੜ੍ਹੀ ਔਰਤ

Monday, Aug 25, 2025 - 06:31 PM (IST)

ਇਲਾਕੇ ''ਚ ਮੀਂਹ ਦਾ ਪਾਣੀ ਖੜਣ ''ਤੇ ਹੰਗਾਮਾ! ਪਾਣੀ ਵਾਲੀ ਟੈਂਕੀ ''ਤੇ ਜਾ ਚੜ੍ਹੀ ਔਰਤ

ਮਹਿਲ ਕਲਾਂ (ਹਮੀਦੀ)– ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਅੱਜ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਮਨਪ੍ਰੀਤ ਕੌਰ ਨਾਮਕ ਮਹਿਲਾ ਸਵੇਰੇ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ। ਵਰ੍ਹਦੇ ਮੀਂਹ ਵਿਚ ਟੈਂਕੀ ‘ਤੇ ਬੈਠੀ ਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀ ਵੱਡੀ ਗਿਣਤੀ, ਗ੍ਰਾਮ ਪੰਚਾਇਤ ਅਤੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਇਕੱਠੇ ਹੋ ਕੇ ਮਸਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ। ਪੀੜਤ ਮਹਿਲਾ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਰੋਕੀ ਗਈ ਹੈ, ਜਿਸ ਕਰਕੇ ਘਰ ਅੰਦਰ ਪਾਣੀ ਭਰ ਗਿਆ ਹੈ। ਬਾਰਿਸ਼ ਕਾਰਨ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ ਅਤੇ ਘਰ ਦੀਆਂ ਕੰਧਾਂ ਵਿਚ ਤਰੇੜਾਂ ਪੈ ਗਈਆਂ ਹਨ। ਉਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਰਕੇ ਘਰ ਡਿੱਗਣ ਦੇ ਕਿਨਾਰੇ ਪਹੁੰਚ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ

ਇਸ ਮੌਕੇ ਪੀੜਤ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅਤੇ ਉਸਦਾ ਪਤੀ ਮਜ਼ਦੂਰੀ ਕਰਕੇ ਘਰ ਚਲਾਉਂਦੇ ਹਨ, ਪਰ ਇਨਸਾਫ਼ ਨਾ ਮਿਲਣ ਕਾਰਨ ਉਸਨੂੰ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਗਟ ਕਰਨਾ ਪਿਆ। ਉਸ ਨੇ ਚੇਤਾਵਨੀ ਦਿੱਤੀ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਸਦਾ ਸੰਘਰਸ਼ ਜਾਰੀ ਰਹੇਗਾ। ਪੰਜ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐਸ.ਡੀ.ਐਮ. ਮਹਿਲ ਕਲਾਂ ਜਗਰਾਜ ਸਿੰਘ ਕਾਹਲੋ ਅਤੇ ਤਹਿਸੀਲਦਾਰ ਪਵਨ ਕੁਮਾਰ ਮੌਕੇ ‘ਤੇ ਪਹੁੰਚੇ। 

ਐੱਸ.ਡੀ.ਐੱਮ. ਕਾਹਲੋਂ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਮਨਪ੍ਰੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਉਸ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ। ਇਸ ਭਰੋਸੇ ਤੋਂ ਬਾਅਦ ਮਨਪ੍ਰੀਤ ਕੌਰ ਟੈਂਕੀ ਤੋਂ ਹੇਠਾਂ ਉਤਰ ਗਈ। ਐੱਸ.ਡੀ.ਐੱਮ. ਨੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਰੁਕੀ ਨਿਕਾਸੀ ਖੁਲਵਾਈ ਅਤੇ ਮਸਲੇ ਨੂੰ ਸੂਝਬੂਝ ਨਾਲ ਹੱਲ ਕਰਵਾਇਆ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਮੌਕੇ ‘ਤੇ ਥਾਣਾ ਮਹਿਲ ਕਲਾਂ ਦੇ ਮੁਖੀ ਸ਼ੇਰਵਿੰਦਰ ਸਿੰਘ ਔਲਖ, ਠੁੱਲੀਵਾਲ ਥਾਣੇ ਦੇ ਏ.ਐੱਸ.ਆਈ. ਜਸਵਿੰਦਰ ਸਿੰਘ, ਏ.ਐੱਸ.ਆਈ. ਮਨਜੀਤ ਸਿੰਘ, ਏ.ਐੱਸ.ਆਈ. ਅਮਰਜੀਤ ਸਿੰਘ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਰਾਜਵਿੰਦਰ ਸਿੰਘ ਕਨਗੋ, ਪਟਵਾਰੀ ਹਰਦੀਪ ਸਿੰਘ ਕੱਟੂ, ਪੰਚਾਇਤ ਸਕੱਤਰ ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News