ਸੁਣਨ ਦੀ ਸਮਰੱਥਾ ਵੀ ਗੁਆਉਣ ਲੱਗੇ ''ਪੰਜਾਬੀ'', 8 ਫੀਸਦੀ ਆਬਾਦੀ ਪ੍ਰਭਾਵਿਤ

Thursday, Apr 12, 2018 - 02:26 AM (IST)

ਸੁਣਨ ਦੀ ਸਮਰੱਥਾ ਵੀ ਗੁਆਉਣ ਲੱਗੇ ''ਪੰਜਾਬੀ'', 8 ਫੀਸਦੀ ਆਬਾਦੀ ਪ੍ਰਭਾਵਿਤ

ਬਠਿੰਡਾ(ਪਰਮਿੰਦਰ)-ਕਿਸੇ ਸਮੇਂ ਚੰਗੀ ਖੁਰਾਕ ਅਤੇ ਆਪਣੀ ਤੰਦਰੁਸਤੀ ਲਈ ਜਾਣੇ ਜਾਂਦੇ 'ਪੰਜਾਬੀ' ਅੱਜ ਦੌੜ-ਭੱਜ ਵਾਲੀ ਜੀਵਨਸ਼ੈਲੀ ਕਾਰਨ ਸੁਣਨ ਦੀ ਸਮਰੱਥਾ ਵੀ ਗੁਆ ਰਹੇ ਹਨ। ਪਹਿਲਾਂ ਇਹ ਸਮੱਸਿਆ ਵੱਡੀ ਉਮਰ ਦੇ ਲੋਕਾਂ ਵਿਚ ਹੀ ਵੇਖਣ ਨੂੰ ਮਿਲਦੀ ਸੀ ਪਰ ਅੱਜ ਬੱਚੇ ਤੇ ਨੌਜਵਾਨ ਵੀ ਬੋਲ਼ੇਪਣ ਦੀ ਸਮੱਸਿਆ ਨਾਲ ਜੂਝ ਰਹੇ ਹਨ।  ਬੋਲ਼ੇਪਣ ਦੀ ਸਮੱਸਿਆ ਦੇ ਮਾਮਲੇ ਵੀ ਲਗਾਤਾਰ ਵਧ ਰਹੇ ਹਨ। ਮਾਹਿਰਾਂ ਅਨੁਸਾਰ ਆਧੁਨਿਕ ਜੀਵਨਸ਼ੈਲੀ ਨੇ ਜਿਥੇ ਸਾਨੂੰ ਕਈ ਸਹੂਲਤਾਂ ਦਿੱਤੀਆਂ ਹਨ, ਉਥੇ ਇਸ ਨਾਲ ਸਾਨੂੰ ਕਈ ਸਮੱਸਿਆਵਾਂ ਵੀ ਸੌਗਾਤ ਵਿਚ ਮਿਲ ਰਹੀ ਹੈ। 
ਕਈ ਕਾਰਨਾਂ ਨਾਲ ਹੁੰਦਾ ਹੈ ਬੋਲੇਪਣ
ਈਅਰਫੋਨ (ਈਅਰ ਪਲੱਗ) ਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਵੀ ਬੋਲ਼ੇਪਣ ਦੀ ਸਮੱਸਿਆ ਜ਼ਿਆਦਾ ਹੋ ਰਹੀ ਹੈ। ਮੌਜੂਦਾ ਦੌਰ 'ਚ ਨੌਜਵਾਨਾਂ ਵਿਚ ਈਅਰਫੋਨ ਦੇ ਪ੍ਰਯੋਗ ਦਾ ਚਲਨ ਜ਼ਿਆਦਾ ਵਧਿਆ ਹੈ। ਤੇਜ਼ ਧੁਨੀ ਈਅਰ ਡਰੰਮ ਨੂੰ ਹਾਨੀ ਪਹੁੰਚਾ ਕੇ ਇਸ ਨੂੰ ਪਤਲਾ ਕਰ ਦਿੰਦੀ ਹੈ। ਈਅਰਫੋਨ ਤੋਂ ਨਿਕਲਣ ਵਾਲੀ ਤੇਜ਼ ਧੁਨੀ ਕਾਰਨ ਸ਼ੁਰੂ ਵਿਚ ਕੰਨਾਂ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਦਾ ਹੈ। ਬਾਅਦ ਵਿਚ  ਇਕ ਕੰਨ ਤੋਂ ਸੁਣਾਈ ਦੇਣਾ ਬੰਦ ਹੋ ਜਾਂਦਾ ਹੈ ਪਰ ਇਸਦਾ ਜ਼ਿਆਦਾ ਪ੍ਰਯੋਗ ਕਰਨ ਨਾਲ ਬੋਲ਼ੇਪਣ ਦਾ ਕਾਰਨ ਵੀ  ਬਣ ਸਕਦਾ ਹੈ। ਇਸ ਤੋਂ ਇਲਾਵਾ ਮੱਥੇ 'ਤੇ ਸੱਟ ਲੱਗਣਾ, ਕੰਨ ਵਿਚ ਮੈਲ ਜਮ੍ਹਾ ਹੋਣਾ, ਕੰਨ ਪੱਕਣਾ ਜਾਂ ਕਿਸੇ ਪ੍ਰਕਾਰ ਦੀ ਕੰਨ ਦੀ ਬੀਮਾਰੀ ਹੋਣਾ, ਕੰਨ ਵਿਚ ਇਨਫੈਕਸ਼ਨ ਨਾਲ ਸੁਣਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਕਿਸੇ ਬੀਮਾਰੀ ਦੇ ਇਲਾਜ ਦੌਰਾਨ ਦਵਾਈਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਇਹ ਰੋਗ ਹੋ ਸਕਦਾ ਹੈ।  
ਆਵਾਜ਼ ਦਾ ਪੱਧਰ ਜ਼ਿਆਦਾ ਹੋਣ ਕਾਰਨ ਵਧ ਰਹੀ ਹੈ ਸਮੱਸਿਆ
ਪਿਛਲੇ ਕੁਝ ਸਾਲਾਂ ਤੋਂ ਲੋਕਾਂ 'ਚ ਬੋਲ਼ੇਪਣ ਦੀ ਸਮੱਸਿਆ ਵਿਚ ਕਾਫ਼ੀ ਵਾਧਾ ਹੋਇਆ ਹੈ। ਪਹਿਲਾਂ ਇਹ ਸਮੱਸਿਆ ਮਹਿਜ ਇਕ ਤੋਂ ਦੋ ਫੀਸਦੀ ਲੋਕਾਂ ਵਿਚ ਹੁੰਦੀ ਸੀ ਪਰ ਅੱਜ ਪੰਜਾਬ ਦੀ 8 ਫੀਸਦੀ ਆਬਾਦੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੈ, ਜਿਸ ਵਿਚ ਕਾਫ਼ੀ ਸੰਖਿਆ ਬੱਚਿਆਂ ਅਤੇ ਨੌਜਵਾਨਾਂ ਦੀ ਹੈ। ਇਸਦਾ ਮੁੱਖ ਕਾਰਨ ਹਰ ਜਗ੍ਹਾ 'ਤੇ ਤੇਜ਼ ਸੰਗੀਤ, ਵਾਹਨਾਂ ਅਤੇ ਮਸ਼ੀਨਾਂ ਦਾ ਸ਼ੋਰ ਹੈ ਜੋ ਅਸੀਂ ਪੂਰਾ ਦਿਨ ਸੁਣਨ ਲਈ ਮਜਬੂਰ ਹੋ ਜਾਂਦੇ ਹਾਂ। ਮਾਹਿਰਾਂ ਦੀ ਮੰਨੀਏ ਤਾਂ 100 ਡੈਸੀਬਲ ਤਕ ਦੀ ਧੁਨੀ ਹੀ ਮਨੁੱਖ ਲਈ ਸੁਰੱਖਿਅਤ ਹੈ। 125 ਡੈਸੀਬਲ ਤੋਂ ਉਪਰ ਦੀ ਤੇਜ਼ ਆਵਾਜ਼ ਖਤਰਨਾਕ ਹੋ ਜਾਂਦੀ ਹੈ। ਗੌਰਤਲਬ ਹੈ ਕਿ ਡੀ. ਜੇ. ਦੇ ਮਿਊਜ਼ਿਕ ਤੋਂ ਨਿਕਲਣ ਵਾਲੀ ਆਵਾਜ਼ 580 ਡੈਸੀਬਲ ਤਕ ਹੋ ਸਕਦੀ ਹੈ, ਜਿਸ ਨਾਲ ਕੰਨ ਦੀ ਪਰਤ ਤਕ ਫਟ ਸਕਦੀ ਹੈ। 
ਬੱਚੇ ਸੁਣਨਗੇ ਨਹੀਂ ਤਾਂ ਬੋਲਣਗੇ ਕਿਵੇਂ?
ਜੇਕਰ ਬੱਚੇ ਸੁਣ ਨਹੀਂ ਸਕਣਗੇ ਤਾਂ ਬੋਲਣਾ ਵੀ ਨਹੀਂ ਸਿੱਖ ਸਕਣਗੇ। ਬੱਚਿਆਂ ਦੀ ਸੁਣਨ ਦੀ ਸਮਰੱਥਾ ਪ੍ਰਭਾਵਿਤ ਨਾ ਹੋਵੇ, ਇਸਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਬੋਲ਼ੇਪਣ ਦੀ ਸਮੱਸਿਆ ਜਮਾਂਦਰੂ ਵੀ ਹੋ ਸਕਦੀ ਹੈ, ਇਸ ਲਈ ਬੱਚੇ ਦੇ ਪੈਦਾ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਸੁਣਨ ਦੀ ਸਮਰੱਥਾ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਜ਼ਿਆਦਾ ਤੇਜ਼ ਮਿਊਜ਼ਿਕ ਜਾਂ ਹੋਰ ਆਵਾਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਕੰਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। 


Related News