ਭੇਤਭਰੀ ਹਾਲਤ ''ਚ ਲਾਪਤਾ ਨੌਜਵਾਨ ਦੀ ਖੇਤਾਂ ''ਚ ਦਫਨਾਈ ਲਾਸ਼ ਮਿਲੀ

Monday, Sep 04, 2017 - 06:56 AM (IST)

ਭਗਤਾ ਭਾਈ  (ਪਰਵੀਨ) - ਪਿੰਡ ਗੁੰਮਟੀ ਕਲਾਂ ਤੋਂ ਲਾਪਤਾ ਹੋਏ ਨੌਜਵਾਨ ਦੀ ਖੇਤ 'ਚੋਂ ਦੱਬੀ ਹੋਈ ਲਾਸ਼ ਮਿਲਣ 'ਤੇ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਉਰਫ਼ ਮਨੂੰ (22) ਪੁੱਤਰ ਘੁੱਲਾ ਸਿੰਘ ਵਾਸੀ ਗੁੰਮਟੀ ਕਲਾਂ ਪਿਛਲੀ 16 ਅਗਸਤ ਤੋਂ ਲਾਪਤਾ ਸੀ ਅਤੇ ਲਾਪਤਾ ਹੋਣ ਦੇ ਕੁਝ ਸਮੇਂ ਬਾਅਦ ਹੀ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦੇ ਮੋਬਾਇਲ ਤੋਂ ਪਹਿਲਾਂ 10 ਲੱਖ ਅਤੇ ਫਿਰ 20 ਲੱਖ ਰੁਪਏ ਦੀ ਫਿਰੌਤੀ ਦੇਣ ਦੇ ਫੋਨ ਆਉਣੇ ਸ਼ੁਰੂ ਹੋ ਗਏ। ਪੁਲਸ ਵੱਲੋਂ ਇੰਦਰਜੀਤ ਸਿੰਘ ਥਾਣਾ ਮੁਖੀ ਦੀ ਅਗਵਾਈ ਹੇਠ ਇਸ ਕੇਸ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਗਈ ਅਤੇ ਮਿਲੇ ਤੱਥਾਂ ਦੇ ਆਧਾਰ 'ਤੇ ਰਣਜੀਤ ਸਿੰਘ ਗੋਪੀ, ਕਮਲਜੋਤ ਸਿੰਘ ਕਮਲ ਵਾਸੀਆਨ ਗੁੰਮਟੀ ਕਲਾਂ ਅਤੇ ਰਵੀ ਸਿੰਘ ਵਾਸੀ ਭਾਈਰੂਪਾ ਨੂੰ ਹਿਰਾਸਤ ਵਿਚ ਲਿਆ ਗਿਆ। ਪੁੱਛ-ਗਿੱਛ ਦੌਰਾਨ ਕਥਿਤ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਮਨਪ੍ਰੀਤ ਉਰਫ਼ ਮਨੂੰ ਨੂੰ ਕਥਿਤ ਤੌਰ 'ਤੇ ਕਤਲ ਕਰ ਕੇ ਉਸ ਦੀ ਲਾਸ਼ ਆਪਣੇ ਹੀ ਖੇਤ 'ਚ ਦੱਬ ਦਿੱਤੀ ਹੈ।
 ਮੁਲਜ਼ਮਾਂ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਦੇ ਆਧਾਰ 'ਤੇ ਅੱਜ ਪੁਨੀਤ ਬਾਂਸਲ ਐੱਸ. ਡੀ. ਐੱਮ. ਫੂਲ ਦੀ ਹਾਜ਼ਰੀ ਅਤੇ ਜਸਵਿੰਦਰ ਸਿੰਘ ਚਾਹਲ ਡੀ. ਐੱਸ. ਪੀ. ਫੂਲ ਦੀ ਅਗਵਾਈ ਹੇਠ ਥਾਣਾ ਦਿਆਲਪੁਰਾ ਦੀ ਪੁਲਸ ਨੇ ਖੇਤ 'ਚ ਦੱਬੀ ਹੋਈ ਲਾਸ਼ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਪੁਲਸ ਵੱਲੋਂ ਸਹਾਰਾ ਕਲੱਬ ਰਾਮਪੁਰਾ ਦੇ ਵਾਹਨ ਰਾਹੀਂ ਬਰਾਮਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਭੇਜ ਦਿੱਤਾ ਗਿਆ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।

 


Related News