ਮਾਨਸਿਕ ਤੌਰ ''ਤੇ ਪ੍ਰੇਸ਼ਾਨ ਔਰਤ ਵੱਲੋਂ ਧੀ ਕਤਲ
Thursday, Apr 12, 2018 - 08:14 AM (IST)

ਮੁਕੇਰੀਆਂ (ਨਾਗਲਾ) - ਸਥਾਨਕ ਮੁਹੱਲਾ ਭੱਠਾ ਕਾਲੋਨੀ ਦੀ ਇਕ ਔਰਤ ਵੱਲੋਂ ਕਥਿਤ ਰੂਪ 'ਚ ਆਪਣੀ 11 ਸਾਲਾ ਧੀ ਨੂੰ ਕਤਲ ਕਰਨ ਉਪਰੰਤ ਖੁਦਕੁਸ਼ੀ ਲਈ ਕੋਠੇ ਉੱਤੋਂ ਛਾਲ ਮਾਰਨ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੀ ਤਾਹਵਣੀ ਦੇ ਪਿਤਾ ਗੁਰਨਾਮ ਸਿੰਘ ਨੇ ਭਰੇ ਮਨ ਨਾਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਮੁਹੱਲਾ ਵਾਸੀਆਂ ਨੇ ਸਵੇਰੇ ਲਗਭਗ 6 ਵਜੇ ਸੁੱਤੇ ਪਏ ਨੂੰ ਉਠਾ ਕੇ ਦੱਸਿਆ ਕਿ ਉਸ ਦੀ ਪਤਨੀ ਸਿਮਰਨ ਜ਼ਖ਼ਮੀ ਹਾਲਤ 'ਚ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਬੇਹੋਸ਼ ਪਈ ਹੋਈ ਹੈ। ਉਨ੍ਹਾਂ ਤੁਰੰਤ ਉਸ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ। ਗੁਰਨਾਮ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਧੀ ਦੀ ਮੌਤ ਦਾ ਪਤਾ ਉਨ੍ਹਾਂ ਨੂੰ ਬਹੁਤ ਦੇਰ ਬਾਅਦ ਲੱਗਾ। ਉਸ ਨੇ ਆਪਣੀ ਪਤਨੀ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਨੇ ਪਹਿਲਾਂ ਵੀ 3-4 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਸਹੁਰਿਆਂ ਨੂੰ ਦੇ ਦਿੱਤੀ ਸੀ। ਜੇਕਰ ਮੇਰੇ ਸਹੁਰੇ ਇਸ ਬਾਬਤ ਕੋਈ ਕਾਰਵਾਈ ਕਰਦੇ ਤਾਂ ਅੱਜ ਮੇਰੀ ਧੀ ਜ਼ਿੰਦਾ ਹੁੰਦੀ। ਉਸ ਨੇ ਦੋਸ਼ ਲਾਇਆ ਕਿ ਸਿਮਰਨ ਨੇ ਆਪਣੀ ਧੀ ਨੂੰ ਕਤਲ ਕਰਨ ਉਪਰੰਤ ਹੀ ਖੁਦਕੁਸ਼ੀ ਕਰਨ ਲਈ ਕੋਠੇ ਉੱਤੋਂ ਛਾਲ ਮਾਰੀ ਹੋਵੇਗੀ।