ਜਿਸ ਧੀ ਨੂੰ ਚਾਵਾਂ ਨਾਲ ਤੋਰਿਆ, ਉਸ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਏ ਮਾਪੇ, ਪਿਤਾ ਦੇ ਬੋਲ ਸੁਣ ਪਸੀਜ ਗਿਆ ਸਭ ਦਾ ਦਿਲ
Monday, Aug 22, 2022 - 06:35 PM (IST)
ਪਾਤੜਾਂ (ਚੋਪੜਾ) : ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਸ਼ੁਤਰਾਣਾ ਵਿਖੇ ਇਕ ਨਵੀਂ ਵਿਆਹੀ ਕੁੜੀ ਦੀ ਐਤਵਾਰ ਸਵੇਰੇ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਰਜਿੰਦਰ ਕੁਮਾਰ ਅਤੇ ਭਰਾ ਬਲਜੀਤ ਕੁਮਾਰ ਵਾਸੀ ਬੰਮਣਾ ਪੱਤੀ ਸਮਾਣਾ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦੀ ਧੀ ਮੰਜੂ ਰਾਣੀ (29) ਦਾ ਕਰੀਬ 6 ਮਹੀਨੇ ਪਹਿਲਾਂ ਪਿੰਡ ਸ਼ੁਤਰਾਣਾ ਦੇ ਡੇਰਾ ਛੀਨਿਆਂਵਾਲਾ ਵਿਖੇ ਬਿਕਰਮਜੀਤ ਨਾਲ ਵਿਆਹ ਹੋਇਆ ਸੀ, ਜਿਸ ਨੂੰ ਅਸੀਂ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ। ਵਿਆਹ ਤੋਂ ਬਾਅਦ ਵੀ ਉਸ ਦੇ ਪਤੀ ਬਿਕਰਮਜੀਤ ਤੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਪਰ ਮੰਗ ਪੂਰੀ ਨਾ ਹੋਣ ’ਤੇ ਮੰਜੂ ਰਾਣੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰ ਮੁਤਾਬਕ ਮ੍ਰਿਤਕਾ ਆਪਣੇ ਪਤੀ ਬਿਕਰਮਜੀਤ ਨਾਲ 4-5 ਦਿਨਾਂ ਤੋਂ ਡੇਰਾਬੱਸੀ ਵਿਖੇ ਆਪਣੇ ਜੇਠ ਜਗਦੀਸ਼ ਕੁਮਾਰ ਦੇ ਘਰ ਰਹਿ ਰਹੀ ਸੀ ਪਰ ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਮੰਜੂ ਰਾਣੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਲਾਪਤਾ ਹੋਏ ਸਹਿਜ ਦੀ ਦੋਰਾਹਾ ਨਹਿਰ ’ਚੋਂ ਮਿਲੀ ਲਾਸ਼, ਸਕੇ ਤਾਏ ਨੇ ਹੱਥੀਂ ਕਤਲ ਕਰਕੇ ਕਮਾਇਆ ਕਹਿਰ
ਪੀੜਤ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਮੰਜੂ ਰਾਣੀ ਨੂੰ ਮੌਤ ਦੇ ਘਾਟ ਉਤਾਰ ਕੇ ਚੁੱਪ-ਚੁਪੀਤੇ ਲਾਸ਼ ਸਸਕਾਰ ਕਰਨ ਲਈ ਸ਼ੁਤਰਾਣਾ ਆਪਣੇ ਘਰ ਲੈ ਗਏ ਪਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਸਸਕਾਰ ਕਰਨ ਤੋਂ ਰੋਕਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਉਪਰੰਤ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਪੁਲਸ ਥਾਣੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਭੀੜ ਨੂੰ ਰੋਕ ਕੇ ਸਥਿਤੀ ’ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਗੁਰਦੀਪ ਸਿੰਘ ਭਾਰੀ ਪੁਲਸ ਫੋਰਸ ਨਾਲ ਸ਼ੁਤਰਾਣਾ ਥਾਣੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕੀਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਵੱਡਾ ਖ਼ੁਲਾਸਾ, ਪੰਜ ਤਾਰਾ ਹੋਟਲ ਦੀ ਵੀਡੀਓ ਨੇ ਪੁਲਸ ਦੀ ਵਧਾਈ ਚਿੰਤਾ
ਇਸ ਸਬੰਧੀ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਕਿਹਾ ਕਿ ਲੜਕੀ ਦੀ ਮੌਤ ਡੇਰਾਬੱਸੀ ਵਿਖੇ ਹੋਈ ਹੈ ਅਤੇ ਬਕੂਆ ਉਥੋਂ ਦਾ ਬਣਦਾ ਹੈ ਤੇ ਡੇਰਾਬੱਸੀ ਦੀ ਪੁਲਸ ਨਾਲ ਤਾਲਮੇਲ ਹੋ ਗਿਆ ਹੈ। ਇਸ ਲਈ ਸ਼ੁਤਰਾਣਾ ਪੁਲਸ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ ਡੇਰਾਬੱਸੀ ਪਹੁੰਚਾ ਦੇਵੇਗੀ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਲਾਸ਼ ਨੂੰ ਲੈ ਕੇ ਸ਼ੁਤਰਾਣਾ ਪੁਲਸ ਡੇਰਾਬੱਸੀ ਲਈ ਰਵਾਨਾ ਹੋ ਗਈ ਸੀ।
ਇਹ ਵੀ ਪੜ੍ਹੋ : ਨਸ਼ੇ ਦਾ ਦਿਲ ਕੰਬਾਊ ਮੰਜ਼ਰ, ਪਹਿਲਾਂ ਵੱਡੇ ਤੇ ਹੁਣ ਛੋਟੇ ਭਰਾ ਦੀ ਓਵਰਡੋਜ਼ ਨਾਲ ਮੌਤ, ਘਰ ਦਾ ਆਖਰੀ ਚਿਰਾਗ ਵੀ ਬੁਝਿਆ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।