ਗੁੱਸੇ ''ਚ ਆਏ ਲੋਕਾਂ ਨੇ ਬੂਟਾ ਪਿੰਡ ਬਿਜਲੀ ਘਰ ''ਚ ਕੀਤੀ ਭੰਨ-ਤੋੜ

Sunday, Jun 10, 2018 - 06:16 AM (IST)

ਜਲੰਧਰ, (ਪੁਨੀਤ)- ਦਰਜਨਾਂ ਇਲਾਕਿਆਂ ਵਿਚ ਪੈ ਰਹੇ ਫਾਲਟ ਕਾਰਨ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ, ਜਿਸ ਦਾ ਸ਼ਿਕਾਰ ਪਾਵਰ ਨਿਗਮ ਦੇ ਕਰਮਚਾਰੀ ਹੋ ਰਹੇ ਹਨ। ਬਿਜਲੀ ਦੇ ਕੱਟਾਂ ਕਾਰਨ ਗੁੱਸੇ ਵਿਚ ਆਏ ਲੋਕਾਂ ਨੇ ਬੂਟਾ ਪਿੰਡ ਬਿਜਲੀ ਘਰ ਵਿਚ ਭੰਨ-ਤੋੜ ਕਰ ਕੇ ਆਪਣੀ ਭੜਾਸ ਕੱਢੀ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਕੰਪਲੇਂਟ ਸੈਂਟਰ ਵਿਚ ਤਾਇਨਾਤ ਧਰਮਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਭੰਨ-ਤੋੜ ਦੌਰਾਨ ਕੰਪਿਊਟਰ, ਕੂਲਰ, ਪੱਖੇ, ਟੇਬਲ ਸਮੇਤ ਫਰਨੀਚਰ ਨੂੰ ਨੁਕਸਾਨ ਪਹੁੰਚਾਇਆ ਹੈ। ਅਣਪਛਾਤੇ ਲੋਕਾਂ ਦੇ ਖਿਲਾਫ ਪਾਵਰ ਨਿਗਮ ਵਲੋਂ ਥਾਣਾ ਨੰਬਰ 6 ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਡਲ ਟਾਊਨ ਡਵੀਜ਼ਨ ਦੇ ਅਧੀਨ ਆਉਂਦੇ ਆਬਾਦਪੁਰਾ, ਲਿੰਕ ਰੋਡ, ਨੀਵਾਂ ਸੁਰਾਜਗੰਜ, ਲਾਜਪਤ ਨਗਰ, ਅਵਤਾਰ ਨਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸ਼ਾਮ ਦੇ ਸਮੇਂ ਪਏ ਫਾਲਟ ਤੋਂ ਬਾਅਦ ਲੋਕਾਂ ਨੇ ਕਈ ਵਾਰ ਸ਼ਿਕਾਇਤਾਂ ਲਿਖਵਾਈਆਂ ਪਰ ਬਿਜਲੀ ਠੀਕ ਨਾ ਹੋਣ ਕਾਰਨ ਲੋਕਾਂ ਦਾ ਗੁੱਸਾ ਹੋਰ ਵਧ ਗਿਆ। ਰਾਤ 12 ਵਜੇ ਦੇ ਕਰੀਬ ਦਰਜਨਾਂ ਲੋਕ ਬੂਟਾ ਪਿੰਡ ਸਥਿਤ ਬਿਜਲੀ ਦਫਤਰ 'ਚ ਪਹੁੰਚੇ ਅਤੇ ਆਪਣੀ ਭੜਾਸ ਕੱਢਦੇ ਹੋਏ ਪਾਵਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਸਬੰਧ ਵਿਚ ਐਕਸੀਅਨ ਕੱਕੜ ਦਾ ਕਹਿਣਾ ਹੈ ਕਿ ਪੁਲਸ ਵਿਚ ਸ਼ਿਕਾਇਤ ਦਿੱਤੀ ਗਈ। ਉਨ੍ਹਾਂ ਕਿਹਾ ਕਿ ਫਾਲਟ ਵਧ ਰਹੇ ਹਨ, ਇਸ ਲਈ ਪਬਲਿਕ ਨੂੰ ਚਾਹੀਦਾ ਹੈ ਕਿ ਉਹ ਸੰਜਮ ਬਣਾ ਕੇ ਰੱਖੇ ਕਿਉਂਕਿ ਪਾਵਰ ਨਿਗਮ ਕਰਮਚਾਰੀ ਇਕ ਸ਼ਿਕਾਇਤ ਨਿਪਟਾਉਣ ਤੋਂ ਬਾਅਦ ਹੀ ਦੂਜੀ ਜਗ੍ਹਾ 'ਤੇ ਆ ਸਕਦਾ ਹੈ।
ਗੋਬਿੰਦਗੜ੍ਹ 'ਚ ਤੜਕੇ ਮੀਟਰਾਂ ਨੂੰ ਲੱਗੀ ਅੱਗ : ਰੇਲਵੇ ਰੋਡ ਸਥਿਤ ਮੁਹੱਲਾ ਗੋਬਿੰਦਗੜ੍ਹ ਵਿਚ ਸਵੇਰੇ 4.30 ਵਜੇ ਮੀਟਰ ਬਾਕਸ ਵਿਚ ਅੱਗ ਲੱਗ ਗਈ, ਜਿਸ ਕਾਰਨ ਇਲਾਕਾ ਨਿਵਾਸੀਆਂ ਵਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਲਾਕੇ ਵਿਚ ਤਾਰਾਂ ਹੇਠਾਂ ਹੋਣ ਕਾਰਨ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਅੰਦਰ ਨਾ ਜਾ ਸਕੀ, ਜਿਸ ਕਾਰਨ ਛੋਟੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਇਲਾਕਾ ਨਿਵਾਸੀਆਂ ਨੇ ਰੇਤ ਪਾ ਕੇ ਅੱਗ ਬੁਝਾਈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀ ਘਟਨਾ ਬਾਰੇ ਸੂਚਿਤ ਕਰਨ ਦੇ ਬਾਵਜੂਦ ਪਾਵਰ ਨਿਗਮ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚ ਸਕੇ, ਜਿਸ ਕਾਰਨ ਲਾਈਨ ਬੰਦ ਨਾ ਹੋ ਸਕੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਲੋਕਾਂ ਨੇ ਖੁਦ ਹੀ ਕਿਸੇ ਤਰ੍ਹਾਂ ਨਾਲ ਤਾਰਾਂ ਕੱਢੀਆਂ। ਇਸ ਦੌਰਾਨ ਸਵੇਰੇ 4 ਵਜੇ ਬਿਜਲੀ ਬੰਦ ਹੋ ਗਈ ਅਤੇ ਦੁਪਹਿਰ ਇਕ ਵਜੇ ਚਾਲੂ ਹੋਈ।
ਹਰਗੋਬਿੰਦ ਨਗਰ 'ਚ 11 ਘੰਟੇ ਦਾ ਲੱਗਾ ਕੱਟ, ਵਿਧਾਇਕ ਨੂੰ ਸ਼ਿਕਾਇਤ : ਟਰਾਂਸਪੋਰਟ ਨਗਰ ਦੇ ਨਾਲ ਲੱਗਦੇ ਇਲਾਕੇ ਹਰਗੋਬਿੰਦ ਨਗਰ ਵਿਚ ਬੀਤੇ 10-11 ਦਿਨਾਂ ਤੋਂ ਪੈ ਰਹੇ ਫਾਲਟ ਠੀਕ ਹੋਣ ਦਾ ਨਾਂ ਨਹੀਂ ਲੈ ਰਹੇ। ਸ਼ੁੱਕਰਵਾਰ ਰਾਤ ਢਾਈ ਵਜੇ ਗੁੱਲ ਹੋਈ ਬਿਜਲੀ ਦੁਪਹਿਰ 1.30 ਵਜੇ ਦੇ ਕਰੀਬ ਚਾਲੂ ਹੋਈ। ਇਸ ਦੌਰਾਨ ਲੋਕਾਂ ਨੂੰ ਬਿਜਲੀ ਦੇ ਨਾਲ-ਨਾਲ ਪਾਣੀ ਦੀ ਵੀ ਖਾਸ ਕਿੱਲਤ ਰਹੀ। ਹਰਗੋਬਿੰਦ ਨਗਰ ਐਸੋਸੀਏਸ਼ਨ ਦੇ ਲੋਕ ਰੋਸ ਵਜੋਂ ਸ਼ਿਕਾਇਤ ਕਰਨ ਲਈ ਇਲਾਕਾ ਵਿਧਾਇਕ ਬਾਵਾ ਹੈਨਰੀ ਨੂੰ ਮਿਲੇ। ਬਾਵਾ ਹੈਨਰੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਪੱਕੇ ਹੱਲ ਲਈ ਫੋਨ ਕੀਤਾ। ਇਲਾਕਾ ਨਿਵਾਸੀ ਮਨੀਸ਼ ਕਵਾਤਰਾ ਨੇ ਦੱਸਿਆ ਕਿ ਬੀਤੇ ਦਿਨ ਕਈ ਘੰਟਿਆਂ ਦਾ ਕੱਟ ਵੀ ਲੱਗਾ, ਜਿਸ ਬਾਰੇ ਪਾਵਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਪਰ ਇਸ ਦੇ ਬਾਵਜੂਦ ਅੱਜ ਫਿਰ ਤੋਂ ਸਪਲਾਈ ਪ੍ਰਭਾਵਿਤ ਹੋਈ। 


Related News