ਦਲੀਪ ਕੌਰ ਟਿਵਾਣਾ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ
Friday, Jan 31, 2020 - 06:55 PM (IST)
ਪਟਿਆਲਾ (ਪਰਮੀਤ) : ਅਜੌਕੇ ਪੰਜਾਬ ਸਾਹਿਤ ਦੀ ਸਰਵੋਤਮ ਨਾਵਲਕਾਰ ਦਲੀਪ ਕੌਰ ਟਿਵਾਣਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਲੰਬੇ ਸਮੇਂ ਤੋਂ ਬੀਮਾਰ ਦਲੀਪ ਕੌਰ ਟਿਵਾਣਾ ਦਾ ਮੋਹਾਲੀ ਦੇ ਮੈਕਸ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।ਦੱਸਣਯੋਗ ਹੈ ਕਿ ਉਨ੍ਹਾਂ ਨੇ ਆਪਣੀਆਂ ਅਦਭੁੱਤ ਅਤੇ ਉੱਤਮ ਰਚਨਾਵਾਂ ਨਾਲ ਪੰਜਾਬ ਦਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਨਾਂ ਰੋਸ਼ਨ ਕੀਤਾ।ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਜ਼ਿਲਾ ਲੁਧਿਆਣਾ ਦੇ ਇੱਕ ਪਿੰਡ ਰੱਬੋਂ ਵਿੱਚ ਪਿਤਾ ਸ. ਕਾਕਾ ਸਿੰਘ ਅਤੇ ਮਾਤਾ ਚੰਦ ਕੌਰ ਦੇ ਘਰ ਹੋਇਆ । ਐਮ.ਏ. ਤੋਂ ਬਾਅਦ ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਤੋਂ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਲੰਮਾ ਸਮਾਂ ਉਹ ਇੱਕ ਅਧਿਆਪਕ ਵੱਜੋਂ ਵਿਚਰੇ ।
ਟਿਵਾਣਾ ਨੇ 30 ਨਾਵਲਾਂ , 7 ਕਹਾਣੀ-ਸੰਗ੍ਰਹਿਆਂ ਅਤੇ ਸਵੈ-ਜੀਵਨੀ ਦੀ ਸਿਰਜਣਾ ਵੀ ਕੀਤੀ । ਇਸ ਤੋਂ ਬਿਨਾਂ ਤਿੰਨ ਆਲੋਚਨਾ ਪੁਸਤਕਾਂ, ਤਿੰਨ ਪੁਸਤਕਾਂ ਬੱਚਿਆਂ ਲਈ ਅਤੇ ਦੋ ਵਾਰਤਕ ਸੰਗ੍ਰਹਿਆਂ ਦੀ ਰਚਨਾ ਵੀ ਕੀਤੀ । ਡਾ:ਟਿਵਾਣਾ ਦਾ ਸਾਹਿਤਿਕ ਸਫ਼ਰ 1961 'ਚ ਕਹਾਣੀਆਂ ਦੀ ਕਿਤਾਬ ਸਾਧਨਾ ਨਾਲ ਆਰੰਭ ਹੋਇਆ। ਉਨ੍ਹਾਂ ਦੀ ਇਸ ਪਹਿਲੀ ਕਿਤਾਬ ਨੂੰ ਹੀ ਭਾਸ਼ਾ ਵਿਭਾਗ ਵੱਲੋਂ ਸਾਲ ਦੀ ਸਰਬੋਤਮ ਕਿਤਾਬ ਦਾ ਇਨਾਮ ਪ੍ਰਾਪਤ ਹੋਇਆ। ਪ੍ਰਬਲ ਵਹਿਣ , ਤੂੰ ਭਰੀ ਹੁੰਗਾਰਾ, ਇੱਕ ਕੁੜੀ, ਤੇਰਾ ਕਮਰਾ ਮੇਰਾ ਕਮਰਾ ਉਸ ਦੇ ਕੁਝ ਹੋਰ ਕਹਾਣੀ-ਸੰਗ੍ਰਹਿ ਹਨ । ਉਸ ਦੀਆਂ ਕਹਾਣੀਆਂ ਮਰਦ-ਔਰਤ ਸਬੰਧਾਂ ਦੇ ਪ੍ਰਸੰਗ ਵਿੱਚ ਔਰਤ ਦੇ ਦੁੱਖ-ਸੁੱਖ ਦੀ ਬਾਤ ਪਾਉਂਦੀਆਂ ਹਨ।
ਡਾ: ਟਿਵਾਣਾ ਦਾ ਪਹਿਲਾ ਨਾਵਲ ਅਗਨੀ ਪ੍ਰੀਖਿਆ (1967) 'ਚ ਡਾ: ਰੰਧਾਵਾ ਦੀ ਪ੍ਰੇਰਨਾ ਨਾਲ ਛਪਿਆ। ਏਹੁ ਹਮਾਰਾ ਜੀਵਣਾ ( 1968 ) ਉਸ ਦਾ ਦੂਸਰਾ ਨਾਵਲ ਸੀ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਨਾਵਲ ਦਾ ਅੰਗਰੇਜ਼ੀ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਅਤੇ ਦੂਰਦਰਸ਼ਨ ਜਲੰਧਰ ਨੇ ਇਸ ਨਾਵਲ ਤੇ ਆਧਾਰਿਤ ਇੱਕ ਟੀ.ਵੀ. ਸੀਰੀਅਲ ਦਾ ਨਿਰਮਾਣ ਕੀਤਾ ।ਇਸ ਨਾਵਲ ਰਾਹੀਂ ਟਿਵਾਣਾ ਔਰਤ ਦੀਆਂ ਸਮੱਸਿਆਵਾਂ ਦੀ ਗੱਲ ਕਰਦੀ ਬੁਰੀ ਸਮਾਜਿਕ ਵਿਵਸਥਾ ਉਪਰ ਤਿੱਖਾ ਵਿਅੰਗ ਕਸਦੀ ਹੈ । ਤੀਲੀ ਦਾ ਨਿਸ਼ਾਨ (1970), ਦੂਸਰੀ ਸੀਤਾ (1975) , ਹਸਤਾਖਰ (1982) , ਰਿਣ ਪਿਤਰਾਂ ਦਾ (1986 ) , ਐਰ ਵੈਰ ਮਿਲਦਿਆਂ (1986) , ਲੰਘ ਗਏ ਦਰਿਆ (1990) , ਕਥਾ ਕੁਕਨੁਸ ਦੀ (1990) ਅਤੇ ਕਥਾ ਕਹੋ ਉਰਵਸੀ ( 1999 ) ਉਸ ਦੇ ਕੁਝ ਹੋਰ ਪ੍ਰਸਿੱਧ ਨਾਵਲ ਹਨ ।