ਬੱਲ੍ਹੋ ਦੀ ਹਰਮਨਪ੍ਰੀਤ ਕੌਰ ਕੈਨੇਡਾ ’ਚ ਬਣੀ ਵਕੀਲ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

Wednesday, Nov 20, 2024 - 05:00 AM (IST)

ਬੱਲ੍ਹੋ ਦੀ ਹਰਮਨਪ੍ਰੀਤ ਕੌਰ ਕੈਨੇਡਾ ’ਚ ਬਣੀ ਵਕੀਲ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

ਚਾਉਕੇ - ਪਿੰਡ ਬੱਲ੍ਹੋ ਦੀ ਹੋਣਹਾਰ ਧੀ ਹਰਮਨਪ੍ਰੀਤ ਕੌਰ ਕੈਨੇਡਾ ਵਿਚ ਵਕੀਲ ਬਣ ਗਈ ਹੈ। ਇਸ ਕਾਮਯਾਬੀ ਉਪਰੰਤ ਨਾ ਸਿਰਫ ਹਰਮਨਪ੍ਰੀਤ ਕੌਰ ਅਤੇ ਉਸਦੇ ਮਾਤਾ-ਪਿਤਾ ਬਾਗੋਬਾਗ ਹਨ, ਪਿੰਡ ਬੱਲ੍ਹੋ ਨੂੰ ਵੀ ਚਾਅ ਚੜ੍ਹ ਗਿਆ ਹੈ। ਹਰਮਨਪ੍ਰੀਤ, ਮਾਲਵੇ ਦੇ ਇਸ ਪਛੜੇ ਸਮਝੇ ਜਾਂਦੇ ਪਿੰਡ ਬੱਲ੍ਹੋ ਵਿਚ ਹੀ ਆਪਣੇ ਮਾਪਿਆਂ ਨਾਲ ਰਹਿੰਦੀ ਪੜ੍ਹਦੀ ਰਹੀ ਹੈ। 

ਹਰਮਨਪ੍ਰੀਤ ਦੇ ਪਿਤਾ ਜਗਜੀਤ ਸਿੰਘ,ਜੋ ਬਠਿੰਡੇ ਦੇ ਥਰਮਲ ਪਲਾਂਟ ਵਿਚ ਸਰਕਾਰੀ ਨੌਕਰੀ ਕਰਦੇ ਰਹੇ ਹਨ, ਨੇ ਮਨ ਵਿਚ ਆਪਣੀਆਂ ਦੋਵਾਂ ਧੀਆਂ ਨੂੰ ਉੱਚ ਮੁਕਾਮ ’ਤੇ ਲੈ ਜਾਣ ਦੇ ਸੁਪਨੇ ਲਏ ਹੋਏ ਸਨ, ਜਿਸ ਕਾਰਨ ਉੱਚ ਸਿੱਖਿਆ ਦਵਾਉਣ ਲਈ ਜਗਜੀਤ ਸਿੰਘ ਨੇ ਆਪਣੀ ਰਿਹਾਇਸ਼ ਬੱਲ੍ਹੋ ਪਿੰਡ ਤੋਂ ਬਠਿੰਡਾ ਸ਼ਹਿਰ ਤਬਦੀਲ ਕਰ ਲਈ। ਬਠਿੰਡੇ ਚੰਗੀਆਂ ਸਿੱਖਿਆ ਸਹੂਲਤਾਂ ਲੈਣ ਉਪਰੰਤ ਹਰਮਨਪ੍ਰੀਤ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

ਉੱਚੇਰੀ ਸਿੱਖਿਆ ਲਈ ਉਸ ਕੈਨੇਡਾ ਉਡਾਰੀ ਮਾਰੀ। ਉਸਦੇ ਮਾਪਿਆਂ ਨੇ ਦੱਸਿਆ ਕਿ ਓਂਟਾਰੀਓ ਰਹਿ ਕੇ ਹਰਮਨਪ੍ਰੀਤ ਨੇ ਵਕੀਲ ਬਣਨ ਦਾ ਸੁਪਨਾ ਪੂਰਾ ਕਰਨ ਲਈ ਦਿਨ-ਰਾਤ ਕਰ ਦਿੱਤਾ। ਸਿੱਟੇ ਵਜੋਂ ਉਸਨੇ ਬੈਰਿਸਟਰ ਅਤੇ ਸੋਲਿਸਟਰ ਦੇ ਵੱਕਾਰੀ ਇਮਤਿਹਾਨ ਪਾਸ ਕਰ ਲਏ। ਹਰਮਨਪ੍ਰੀਤ ਨੇ ਦੱਸਿਆ ਹੈ ਕਿ ਇਸ ਪ੍ਰਾਪਤੀ ਪਿੱਛੇ ਉਸਦੇ ਪਿਤਾ ਜਗਜੀਤ ਅਤੇ ਮਾਤਾ ਵੱਲੋਂ ਦਿੱਤੀਆਂ ਸਹੂਲਤਾਂ ਦਾ ਹੱਥ ਹੈ, ਜੋ ਉਸਦੇ ਚੇਤਿਆਂ ’ਚ ਰਹਿਣਗੀਆਂ। ਓਂਟਾਰੀਓ ਦੀ ਬਾਰ ਕੌਂਸਲ ਨੇ ਹਰਮਨਦੀਪ ਕੌਰ ਨੂੰ ਬਾਕਾਇਦਾ ਲਾਇਸੈਂਸ ਜਾਰੀ ਕਰ ਦਿੱਤਾ ਹੈ। 


author

Inder Prajapati

Content Editor

Related News