ਸੁਧਾਰ ਲਹਿਰ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ''ਤੇ ਕੱਸਿਆ ਤੰਜ, ਕਿਹਾ- ''''ਚਾਲ ਤਹਿਤ ਲਿਖੀ ਹੋਈ ਸਕ੍ਰਿਪਟ...''''
Tuesday, Nov 19, 2024 - 03:24 AM (IST)
ਚੰਡੀਗੜ (ਅੰਕੁਰ)- ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਬੁਲਾਈ ਗਈ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ-ਸਮਝੀ ਚਾਲ ਤਹਿਤ ਲਿਖੀ ਮਿੱਥੀ ਸਕ੍ਰਿਪਟ ਤਹਿਤ ਕੀਤਾ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ’ਚ ਦੇਖਣ ਨੂੰ ਮਿਲਿਆ ਹੈ ਕਿ ਅਸਤੀਫੇ ਛਪਵਾ ਕੇ ਰੱਖੇ ਸਨ ਤੇ ਮੀਟਿੰਗ ’ਚ ਆ ਰਹੇ ਲੀਡਰਾਂ ਨੂੰ ਛਪੇ ਹੋਏ ਅਸਤੀਫੇ ਵਾਲੇ ਕਾਗਜ਼ ਉੱਥੋਂ ਦੇ ਮੁਲਾਜ਼ਮ ਦੇ ਰਹੇ ਸਨ। ਜੇਕਰ ਇਸ ਤਰ੍ਹਾਂ ਦੀ ਖੇਡ ਰਚਾਉਣੀ ਸੀ ਤਾਂ ਫਿਰ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਦੀ ਕੀ ਲੋੜ ਸੀ।
ਜਥੇਦਾਰ ਵਡਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਸੀ ਤੇ ਉਨ੍ਹਾਂ ਨੂੰ ਉਸ ਸਮੇਂ ਅਸਤੀਫਾ ਦੇ ਦੇਣਾ ਚਾਹੀਦਾ ਸੀ। ਸਿੰਘ ਸਾਹਿਬਾਨ ਦੇ ਦਿੱਤੇ ਹੋਏ ਆਦੇਸ਼ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਤੇ ਪੰਥ ਦੀਆਂ ਪਰੰਪਰਾਵਾਂ 'ਤੇ ਪਹਿਰਾ ਦੇ ਕੇ ਅਸਤੀਫੇ ਦੇ ਸਬੰਧ ’ਚ ਕੋਈ ਸਿਆਸਤ ਨਹੀਂ ਸੀ ਕਰਨੀ ਚਾਹੀਦੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ
ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਸਮੇਤ ਕਈ ਆਗੂਆਂ ਦੀ ਜੋ ਭੂਮਿਕਾ ਦੇਖੀ ਗਈ ਹੈ, ਉਸ ਨੂੰ ਸੰਗਤ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮ ਵਿਰੁੱਧ ਸਮਝਿਆ ਜਾ ਰਿਹਾ ਹੈ। ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਐੱਨ. ਕੇ. ਸ਼ਰਮਾ ਦੇ ਉਸ ਬਿਆਨ ਦਾ ਸਖ਼ਤ ਨੋਟਿਸ ਲਿਆ ਹੈ, ਜਿਹੜਾ ਉਨ੍ਹਾਂ ਨੇ ਇਕ ਨਿੱਜੀ ਟੀ.ਵੀ. ਚੈਨਲ ’ਤੇ ਦਿੱਤਾ ਹੈ, ਜਿਸ ’ਚ ਐੱਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ’ਚ ਧਾਰਮਿਕ ਦਖਲਅੰਦਾਜ਼ੀ ਜ਼ਿਆਦਾ ਹੋ ਚੁੱਕੀ ਹੈ।
ਜਥੇਦਾਰ ਵਡਾਲਾ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਧਰਮ ’ਚ ਦਖ਼ਲ ਦੇ ਕੇ ਸਿੰਘ ਸਾਹਿਬਾਨਾਂ ਤੋਂ ਗ਼ਲਤ ਫ਼ੈਸਲੇ ਕਰਵਾਏ ਗਏ ਸਨ, ਉਸ ਸਮੇਂ ਸਿਆਸਤ ਨੂੰ ਧਰਮ ਦਾ ਨੁਕਸਾਨ ਕਰਨ ਵਾਸਤੇ ਕਿਸ ਨੇ ਤੇ ਕਿਉਂ ਵਰਤਿਆ ਸੀ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਐੱਨ.ਕੇ. ਸ਼ਰਮਾ ਵਰਗੇ ਲੀਡਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ- ਸੁਖਬੀਰ ਬਾਦਲ ਦਾ ਅਸਤੀਫ਼ਾ ਹੋਇਆ ਨਾ-ਮਨਜ਼ੂਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e