ਡੀ. ਸੀ., ਪੁਲਸ-ਨਿਗਮ ਕਮਿਸ਼ਨਰ ਤੱਕ ਨੂੰ ਕੀਤੀ ਬੇਨਤੀ, ਨਹੀਂ ਸੁਣੀ ਕਿਸੇ ਨੇ ਪੁਕਾਰ

Monday, Sep 04, 2017 - 05:03 AM (IST)

ਅੰਮ੍ਰਿਤਸਰ, (ਰਮਨ)-  ਸ਼ਹਿਰ 'ਚ ਨਗਰ ਸੁਧਾਰ ਟਰੱਸਟ ਵੱਲੋਂ ਸਥਾਪਿਤ ਕੀਤਾ ਗਿਆ ਜਹਾਜ਼ਗੜ੍ਹ ਇਲਾਕਾ ਹੁਣ ਗੈਰ-ਕਾਨੂੰਨੀ ਕਬਜ਼ਿਆਂ ਤੇ ਕਬਾੜ ਨਾਲ ਘਿਰ ਚੁੱਕਾ ਹੈ, ਜਿਸ ਨੂੰ ਲੈ ਕੇ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰ ਅਤੇ ਟ੍ਰਾਂਸਪੋਰਟਰ ਜ਼ਿਲਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਕਈ ਵਾਰ ਲਿਖਤੀ ਰੂਪ 'ਚ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਪ੍ਰਬੰਧਕੀ ਅਧਿਕਾਰੀ ਨੇਤਾਵਾਂ ਦੀ ਕਠਪੁਤਲੀ ਬਣੇ ਇਸ ਇਲਾਕੇ ਵਿਚ ਕਾਰਵਾਈ ਨਹੀਂ ਕਰ ਸਕੇ। ਇਸ ਤੋਂ ਇਲਾਵਾ ਉਹ ਕਈ ਉੱਚ ਅਹੁਦੇਦਾਰਾਂ ਨਾਲ ਵੀ ਵੱਖਰੀ ਮੀਟਿੰਗ ਕਰ ਕੇ ਆਪਣੀ ਸਮੱਸਿਆ ਦੱਸ ਚੁੱਕੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਕੀਤੀ।
ਹਰ ਵਾਰ ਟ੍ਰੈਫਿਕ ਪੁਲਸ ਦੇ ਅਧਿਕਾਰੀ ਕੇਵਲ ਮਾਮੂਲੀ ਜਿਹੀ ਚਿਤਾਵਨੀ ਦੇ ਕੇ ਹੀ ਬੇਰੰਗ ਪਰਤ ਜਾਂਦੇ ਹਨ, ਜਿਸ ਨਾਲ ਵਰਤਮਾਨ ਵਿਚ ਉਕਤ ਜਗ੍ਹਾ ਦੀ ਸੜਕ ਜੋ ਕਿ 80 ਫੁੱਟ ਦੀ ਸੀ, ਹੁਣ ਇਨ੍ਹਾਂ ਗੈਰ-ਕਾਨੂੰਨੀ ਕਬਜ਼ਿਆਂ ਦੀ ਭੇਟ ਚੜ੍ਹ ਕੇ 10 ਫੁੱਟ ਵਿਚ ਆ ਕੇ ਸਿਮਟ ਗਈ ਹੈ। ਨਗਰ ਸੁਧਾਰ ਟਰੱਸਟ ਵੱਲੋਂ ਜਦੋਂ ਇਹ ਇਲਾਕਾ ਸਥਾਪਿਤ ਕੀਤਾ ਗਿਆ ਸੀ, ਇਸ ਦਾ ਪੂਰਾ ਮਾਸਟਰ ਪਲਾਨ ਬਣਾਇਆ ਸੀ, ਜਿਸ ਵਿਚ ਟਰੱਕਾਂ ਦੀ ਵੱਖ ਪਾਰਕਿੰਗ, ਕਾਰਾਂ ਅਤੇ ਮੋਟਰਸਾਈਕਲਾਂ ਦੀ ਵੱਖ ਪਾਰਕਿੰਗ ਦੀ ਜਗ੍ਹਾ ਦਿੱਤੀ ਗਈ ਸੀ ਪਰ ਅੱਜ ਇਸ ਜਗ੍ਹਾ 'ਤੇ ਗੈਰ-ਕਾਨੂੰਨੀ ਕਬਜ਼ੇ ਹੋਏ ਪਏ ਹਨ ਅਤੇ 15-15 ਫੁੱਟ ਦੇ ਕੰਡਮ ਵਾਹਨਾਂ ਦੇ ਮਲਬਿਆਂ ਦੇ ਅੰਬਾਰ ਲੱਗੇ ਹੋਏ ਹਨ। ਸਥਾਨਕ ਦੁਕਾਨਦਾਰਾਂ ਨੇ ਇਸ ਨੂੰ ਲੈ ਕੇ ਸਾਲ 2013 ਤੋਂ ਨਗਰ ਨਿਗਮ ਕਮਿਸ਼ਨਰ ਦਫਤਰ ਵਿਚ ਡਾਇਰੀ ਨੰਬਰ 1992 ਤਰੀਕ 6 ਜੂਨ 2013, 596, 4820, 3292 ਸਾਲ-2015-16 ਮਾਰਚ ਨੂੰ ਦਿੱਤੀ ਪਰ ਇਸ ਸਭ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਜ਼ਰਾ ਵੀ ਧਿਆਨ ਨਹੀਂ ਦਿੱਤਾ ਤੇ ਹੁਣ ਉਥੇ ਇਹ ਸਮੱਸਿਆ ਕਾਫ਼ੀ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ।
ਇਸ ਨੂੰ ਲੈ ਕੇ 29 ਅਗਸਤ 2017 ਨੂੰ ਜਹਾਜ਼ਗੜ੍ਹ ਦੇ ਦੁਕਾਨਦਾਰ ਜਸਵੀਰ ਸਿੰਘ, ਗੁਰਪਾਲ ਸਿੰਘ, ਜਸਮੀਤ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਪਵਨ ਕੁਮਾਰ, ਮਨਜੀਤ ਸਿੰਘ ਤੇ ਪ੍ਰਿੰਸ ਨੇ ਸਮਾਜ ਸੇਵਕ ਰੂਹਗੁਲਾਬ ਸਿੰਘ ਰਾਜੇ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੂੰ ਸ਼ਿਕਾਇਤ ਦਿੱਤੀ ਤੇ ਆਪਣੀ ਸ਼ਿਕਾਇਤ 4390 ਨੰਬਰ ਦਰਜ ਕਰਵਾਈ। ਸਾਰੇ ਮੈਂਬਰ ਡੀ. ਸੀ. ਦਫਤਰ ਵਿਚ ਡੀ. ਸੀ. ਕਮਲਦੀਪ ਸਿੰਘ ਸੰਘਾ ਨੂੰ ਮਿਲੇ ਤੇ ਉਨ੍ਹਾਂ ਨੂੰ ਸਾਰੀ ਸਮੱਸਿਆ ਤੋਂ ਜਾਣੂ ਕਰਵਾਇਆ, ਜਿਸ ਨਾਲ ਉਨ੍ਹਾਂ ਨੇ ਮੌਕੇ 'ਤੇ ਅਧਿਕਾਰੀਆਂ ਦੀ ਡਿਊਟੀ ਲਾਈ, ਉਨ੍ਹਾਂ ਦੇ ਦਫਤਰ ਵਿਚ 5425-ਪੀ ਸ਼ਿਕਾਇਤ ਦਰਜ ਕਰਵਾਈ।
ਉਸ ਤੋਂ ਬਾਅਦ ਏ. ਡੀ. ਸੀ. ਪੀ. ਟ੍ਰੈਫਿਕ ਹਰਜੀਤ ਸਿੰਘ ਧਾਰੀਵਾਲ ਨੂੰ ਮਿਲੇ ਅਤੇ ਉਨ੍ਹਾਂ ਦੇ ਦਫਤਰ ਵਿਚ 1213 ਨੰਬਰ ਸ਼ਿਕਾਇਤ ਦਰਜ ਕਰਵਾਈ, ਜਿਸ 'ਤੇ ਏ. ਡੀ. ਸੀ. ਪੀ. ਵੱਲੋਂ ਟ੍ਰੈਫਿਕ ਇੰਸਪੈਕਟਰ ਅਮੋਲਕ ਸਿੰਘ ਦੀ ਡਿਊਟੀ ਲਾਈ ਗਈ, ਜਿਸ ਤੋਂ ਬਾਅਦ ਟ੍ਰੈਫਿਕ ਇੰਸਪੈਕਟਰ ਇਲਾਕੇ ਵਿਚ ਆਏ ਅਤੇ ਉਨ੍ਹਾਂ ਨੇ ਜਹਾਜ਼ਗੜ੍ਹ ਵਿਚ ਲੋਕਾਂ ਚਿਤਾਵਨੀ ਵੀ ਦਿੱਤੀ ਕਿ ਸਾਮਾਨ ਨੂੰ ਚੁੱਕਿਆ ਜਾਵੇ, ਨਹੀਂ ਤਾਂ ਕਾਰਵਾਈ ਹੋਵੇਗੀ। ਦੁਕਾਨਦਾਰਾਂ ਨੇ ਸਾਰੇ ਅਧਿਕਾਰੀਆਂ ਨੂੰ ਸਮੱਸਿਆ ਦੱਸੀ ਕਿ ਘਿਓ ਮੰਡੀ ਵਿਚ ਟ੍ਰਾਂਸਪੋਰਟ ਦੇ ਟਰੱਕ ਵੱਧ ਲੱਗਣ ਅਤੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਜਹਾਜ਼ਗੜ੍ਹ ਵਿਚ ਬੁਕਿੰਗ ਦਫਤਰ ਖੋਲ੍ਹਣ ਲਈ ਟ੍ਰਾਂਸਪੋਰਟਰਾਂ ਨੂੰ ਦੁਕਾਨਾਂ ਆਲਾਟ ਕੀਤੀਆਂ ਗਈਆਂ ਸਨ ਪਰ ਉਥੇ ਕੁਝ ਟ੍ਰਾਂਸਪੋਰਟਰ ਹੀ ਆ ਸਕੇ, ਬਾਕੀ ਸਾਰੇ ਅਜੇ ਤੱਕ ਸ਼ਿਕਾਇਤਾਂ ਦਾ ਹੱਲ ਹੋਣ ਦੇ ਇੰਤਜ਼ਾਰ ਵਿਚ ਬੈਠੇ ਹਨ।
ਉਨ੍ਹਾਂ ਦੱਸਿਆ ਕਿ ਜਹਾਜ਼ਗੜ੍ਹ ਵਿਚ ਟ੍ਰੈਫਿਕ ਵੱਡੀ ਸਮੱਸਿਆ ਹੈ ਅਤੇ ਲੋਕਾਂ ਵੱਲੋਂ ਗੈਰ-ਕਾਨੂੰਨੀ ਕਬਜ਼ੇ ਕੀਤੇ ਗਏ ਹਨ, ਜਿਸ ਨਾਲ 80 ਫੁੱਟ ਦੀਆਂ ਸੜਕਾਂ 10 ਫੁੱਟ ਤੱਕ ਸੀਮਤ ਹੋ ਕੇ ਰਹਿ ਗਈਆਂ। ਕਈ ਵਾਰ ਤਾਂ ਘੰਟਿਆਂਬੱਧੀ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜਹਾਜ਼ਗੜ੍ਹ ਵਿਚ 15-15 ਫੁੱਟ ਤੱਕ ਕਬਾੜ ਦੇ ਢੇਰ ਲੱਗੇ ਹੋਏ ਹਨ ਅਤੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਇਨ੍ਹਾਂ ਨੂੰ ਹਟਾਇਆ ਨਹੀਂ ਜਾ ਰਿਹਾ। ਕਈ ਜਗ੍ਹਾ ਤਾਂ ਟਾਇਰਾਂ ਵਿਚ ਮੀਂਹ ਦਾ ਪਾਣੀ ਖੜ੍ਹਾ ਹੈ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਹੈ।  
ਜਹਾਜ਼ਗੜ੍ਹ ਤੇ ਟ੍ਰਾਂਸਪੋਰਟ ਨਗਰ 'ਚ 16 ਪਾਰਕਿੰਗਾਂ ਦੀ ਜਗ੍ਹਾ : ਨਗਰ ਸੁਧਾਰ ਟਰੱਸਟ ਵੱਲੋਂ ਆਰ. ਟੀ. ਆਈ. ਵੱਲੋਂ ਮੰਗੇ ਗਏ ਜਵਾਬ ਅਨੁਸਾਰ ਸਾਰੇ ਖੇਤਰ ਵਿਚ 16 ਪਾਰਕਿੰਗਾਂ ਹਨ ਪਰ ਕੁਝ ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਗੈਰ-ਕਾਨੂੰਨੀ ਕਬਜ਼ਿਆਂ ਦੀ ਭਰਮਾਰ ਹੈ। ਸਾਰੇ ਖੇਤਰ ਵਿਚ ਪਾਰਕ ਦਾ ਨਾਮੋ-ਨਿਸ਼ਾਨ ਨਹੀਂ ਹੈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ 10-10 ਫੁੱਟ ਤੱਕ ਕਬਜ਼ਾ ਕੀਤਾ ਹੈ ਅਤੇ ਫੁੱਟਪਾਥਾਂ ਨੂੰ ਵੀ ਨਹੀਂ ਛੱਡਿਆ। ਇਸ ਨੂੰ ਲੈ ਕੇ ਪੀੜਤ ਦੁਕਾਨਦਾਰ ਜੇਕਰ ਆਪਣੀ ਆਵਾਜ਼ ਚੁੱਕਦੇ ਹਨ ਤਾਂ ਇਥੇ ਪ੍ਰਭਾਵਸ਼ਾਲੀ ਦੁਕਾਨਦਾਰ ਉਨ੍ਹਾਂ ਨੂੰ ਡਰਾਉਂਦੇ ਹਨ ਅਤੇ ਨੇਤਾਵਾਂ ਦੀ ਪਹੁੰਚ ਨਾਲ ਅਧਿਕਾਰੀਆਂ ਨੂੰ ਕਾਰਵਾਈ ਨਾ ਕਰਨ 'ਤੇ ਮਜਬੂਰ ਕਰਦੇ ਹਨ। 
ਜਹਾਜ਼ਗੜ੍ਹ ਦੇ ਪੀੜਤ ਦੁਕਾਨਦਾਰਾਂ ਤੇ ਟ੍ਰਾਂਸਪੋਰਟਰਾਂ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕੀਤੀ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਕੂੜੇਦਾਨ ਵਿਚ ਪਾਉਣ ਵਰਗਾ ਵਤੀਰਾ ਕੀਤਾ, ਉਨ੍ਹਾਂ ਖਿਲਾਫ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਨਿਗਮ ਨੇ ਹਾਈਕੋਰਟ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਗੈਰ-ਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਇਕ ਮੁਹਿੰਮ ਛੇੜੀ ਸੀ ਪਰ ਇਨ੍ਹਾਂ ਇਲਾਕਿਆਂ ਵਿਚ ਕਿਸੇ ਨੇ ਵੀ ਕਾਰਵਾਈ ਕਰਨ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਜੇਕਰ ਕੋਈ ਅੱਗ ਲੱਗ ਜਾਵੇ ਤਾਂ ਫਾਇਰ ਬ੍ਰਿਗੇਡ ਤੱਕ ਨਹੀਂ ਪਹੁੰਚਦੀ। ਪ੍ਰਸ਼ਾਸਨ 15 ਦਿਨਾਂ 'ਚ ਕਾਰਵਾਈ ਕਰੇ, ਨਹੀਂ ਤਾਂ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਵੇਗਾ। 


Related News