ਸਾਈਬਰ ਠੱਗਾਂ ਦਾ ਵਧਦਾ ਖ਼ੌਫ਼! ਤਿੰਨ ਸਾਲਾਂ ਵਿਚ 3 ਗੁਣਾਂ ਵਧੇ ਮਾਮਲੇ

Monday, Apr 27, 2026 - 06:48 PM (IST)

ਸਾਈਬਰ ਠੱਗਾਂ ਦਾ ਵਧਦਾ ਖ਼ੌਫ਼! ਤਿੰਨ ਸਾਲਾਂ ਵਿਚ 3 ਗੁਣਾਂ ਵਧੇ ਮਾਮਲੇ

ਲੁਧਿਆਣਾ (ਗੌਤਮ): ਕੇਂਦਰ ਸਰਕਾਰ ਵੱਲੋਂ ਡਿਜੀਟਲ ਇੰਡੀਆ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਧ ਰਹੀਆਂ ਡਿਜੀਟਲ ਸੇਵਾਵਾਂ ਅਤੇ ਇੰਟਰਨੈੱਟ ਦੀ ਵਰਤੋਂ ਦੇ ਚਲਦਿਆਂ ਦੇਸ਼ ਭਰ ਵਿਚ ਸਾਈਬਰ ਅਪਰਾਧਾਂ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਦੇਸ਼ ਵਿਚ ਹਰ ਪਲ ਲੋਕ ਸਾਈਬਰ ਲੁਟੇਰਿਆਂ ਦਾ ਸ਼ਿਕਾਰ ਹੋ ਰਹੇ ਹਨ। ਆਨਲਾਈਨ ਠੱਗੀ, ਫਰਜ਼ੀ ਕਾਲ ਅਤੇ ਡਿਜੀਟਲ ਫਰਾਡ ਰਾਹੀਂ ਅਪਰਾਧੀ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਸਾਈਬਰ ਲੁਟੇਰੇ ਫੇਕ ਲਿੰਕ, ਓ.ਟੀ.ਪੀ. ਫਰਾਡ, ਫਿਸ਼ਿੰਗ ਸਕੈਮ, ਆਨਲਾਈਨ ਧੋਖਾਧੜੀ, ਡਿਜੀਟਲ ਅਰੈਸਟ, ਸੋਸ਼ਲ ਮੀਡੀਆ ਅਕਾਊਂਟ ਹੈਕਿੰਗ ਕਰਕੇ ਆਪਣਾ ਸ਼ਿਕਾਰ ਬਣਾ ਰਹੇ ਹਨ। 

ਸਰਕਾਰੀ ਅੰਕੜਿਆਂ ਅਨੁਸਾਰ ਸਾਈਬਰ ਕ੍ਰਾਈਮ ਹੈਲਪਲਾਈਨ 1930 'ਤੇ ਪਿਛਲੇ ਇਕ ਸਾਲ ਵਿਚ ਸਾਈਬਰ ਕ੍ਰਾਈਮ ਨਾਲ ਜੁੜੀਆਂ ਸ਼ਿਕਾਇਤਾਂ ਵਿਚ ਵਾਧਾ ਹੋ ਰਿਹਾ ਹੈ। ਹਾਲ ਹੀ ਵਿਚ ਕ੍ਰਿਪਟੋ ਕਵੀਨ ਨੇ ਇਕ ਕਾਰੋਬਾਰੀ ਤੋਂ ਕਰੀਬ 20 ਕਰੋੜ ਦੀ ਆਨਲਾਈਨ ਠੱਗੀ ਕੀਤੀ, ਇਸ ਤੋਂ ਪਹਿਲਾਂ ਲੁਧਿਆਣਾ ਦੇ ਹੀ ਪ੍ਰਮੁੱਖ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਕੇ 7 ਕਰੋੜ ਦੀ ਠੱਗੀ ਕੀਤੀ ਗਈ ਸੀ।

ਸ਼ਿਕਾਇਤਾਂ ਦਾ ਅੰਕੜਾ ਵਧਣਾ ਚਿੰਤਾਜਨਕ

ਅੰਕੜਿਆਂ ਅਨੁਸਾਰ ਸਾਲ 2025 ਵਿਚ ਹੈਲਪਲਾਈਨ 'ਤੇ ਕੁੱਲ 3 ਕਰੋੜ 24 ਲੱਖ ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ। ਜਿਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿਚ ਡਿਜੀਟਲ ਖ਼ਤਰੇ ਅਤੇ ਸਾਈਬਰ ਅਪਰਾਧ ਕਿਸ ਤਰ੍ਹਾਂ ਵਧ ਰਹੇ ਹਨ। ਸਾਈਬਰ ਲੁਟੇਰਿਆਂ ਦੀਆਂ ਵਾਰਦਾਤਾਂ ਦੇ ਚਲਦਿਆਂ ਹੈਲਪਲਾਈਨ ਨੰਬਰ 'ਤੇ ਆਉਣ ਵਾਲੀਆਂ ਕਾਲਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਸਾਲ 2023 ਵਿਚ ਹੈਲਪਲਾਈਨ ਨੰਬਰ 'ਤੇ 96 ਲੱਖ 40 ਹਜ਼ਾਰ ਸ਼ਿਕਾਇਤਾਂ ਨੂੰ ਲੈ ਕੇ ਕਾਲਾਂ ਆਈਆਂ, ਉੱਥੇ ਹੀ 2024 ਵਿਚ ਇਹ ਵਧ ਕੇ 2 ਕਰੋੜ 21 ਲੱਖ ਤੱਕ ਪਹੁੰਚ ਗਈ ਅਤੇ 2025 ਵਿਚ ਤਾਂ ਇਹ ਅੰਕੜਾ 3 ਕਰੋੜ 24 ਲੱਖ ਤੱਕ ਜਾ ਪਹੁੰਚਿਆ। ਜਦੋਂ ਕਿ 2026 ਦੇ ਪਹਿਲੇ ਮਹੀਨੇ ਵਿਚ ਹੀ 25 ਲੱਖ ਦੇ ਕਰੀਬ ਸ਼ਿਕਾਇਤਾਂ ਮਿਲੀਆਂ। ਸਾਲ 2024 ਵਿਚ ਇਨ੍ਹਾਂ ਕਾਲਾਂ ਵਿਚ ਕਰੀਬ 130 ਫੀਸਦੀ ਦਾ ਵਾਧਾ ਹੋਇਆ, ਬੇਸ਼ੱਕ ਸਾਲ 2025 ਵਿਚ 23-24 ਦੇ ਮੁਕਾਬਲੇ ਘੱਟ ਵਾਧਾ ਹੋਇਆ, ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਵਧ ਰਹੀ ਕਾਲਾਂ ਦੀ ਗਿਣਤੀ ਚਿੰਤਾਜਨਕ ਹੈ। ਹਰ ਰੋਜ਼ ਵਧ ਰਹੀਆਂ ਸ਼ਿਕਾਇਤਾਂ ਡਿਜੀਟਲ ਇੰਡੀਆ ਲਈ ਵੀ ਨੁਕਸਾਨਦਾਇਕ ਹਨ।

2025 ਵਿਚ ਹਰ ਰੋਜ਼ ਆਉਣ ਵਾਲੀਆਂ ਸ਼ਿਕਾਇਤਾਂ ਵਿਚ ਤਿੰਨ ਗੁਣਾ ਵਾਧਾ

ਦੇਖਿਆ ਜਾਵੇ ਤਾਂ ਅੰਕੜਿਆਂ ਅਨੁਸਾਰ ਸਾਲ 2023 ਵਿਚ ਹਰ ਰੋਜ਼ 26,411 ਕਾਲਾਂ ਅਤੇ ਸਾਲ 2024 ਵਿਚ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਗਈ ਅਤੇ ਸਾਲ 2025 ਵਿਚ ਇਹ ਸ਼ਿਕਾਇਤਾਂ ਕਾਲਾਂ 2023 ਦੇ ਅੰਕੜੇ ਤੋਂ ਤਿੰਨ ਗੁਣਾ ਪਾਰ ਹੋ ਗਈਆਂ। ਜਦੋਂ ਕਿ ਜਨਵਰੀ 2026 ਵਿਚ ਹਰ ਰੋਜ਼ ਆਉਣ ਵਾਲੀਆਂ ਕਾਲਾਂ 70 ਹਜ਼ਾਰ ਦੇ ਕਰੀਬ ਪਹੁੰਚ ਗਈਆਂ। ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਕੇਂਦਰ ਸਰਕਾਰ ਵੱਲੋਂ ਸਾਈਬਰ ਅਪਰਾਧ ਨੂੰ ਰੋਕਣ ਲਈ ਬਣਾਇਆ ਗਿਆ ਹੈ ਅਤੇ ਇਸ ਨੂੰ ਹਰੇਕ ਰਾਜ ਦੇ ਨਾਲ ਜੋੜਿਆ ਗਿਆ ਹੈ।

ਵਧ ਰਹੇ ਹਨ ਸਾਈਬਰ ਅਪਰਾਧ, ਲੋਕ ਵੀ ਹੋ ਰਹੇ ਹਨ ਜਾਗਰੂਕ

ਅਧਿਕਾਰੀਆਂ ਦਾ ਮੰਨਣਾ ਹੈ ਕਿ ਸਾਈਬਰ ਅਪਰਾਧ ਨੂੰ ਲੈ ਕੇ ਹੈਲਪਲਾਈਨ 'ਤੇ ਵਧ ਰਹੀਆਂ ਸ਼ਿਕਾਇਤਾਂ ਦਾ ਮੁੱਖ ਕਾਰਨ ਹੈ ਕਿ ਲਗਾਤਾਰ ਸਾਈਬਰ ਅਪਰਾਧਾਂ ਵਿਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਲੋਕਾਂ ਨੂੰ ਇਨ੍ਹਾਂ ਅਪਰਾਧਾਂ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਜਿਵੇਂ ਹੀ ਕੋਈ ਸਾਈਬਰ ਅਪਰਾਧ ਹੁੰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ 1930 'ਤੇ ਦਿੱਤੀ ਜਾਵੇ, ਜਿਸ ਨਾਲ ਬੈਂਕਿੰਗ ਫਰਾਡ ਜਾਂ ਆਨਲਾਈਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
 


author

Anmol Tagra

Content Editor

Related News