ਸ਼ਾਤਿਰ ਚੋਰਾਂ ਨੇ ਬਿਨਾਂ ਕੋਈ ਤਾਲਾ ਤੋੜੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Wednesday, May 27, 2026 - 06:24 PM (IST)
ਲੁਧਿਆਣਾ (ਰਾਜ): ਲੁਧਿਆਣਾ ਦੇ ਤਿਲਕ ਨਗਰ ਇਲਾਕੇ ਵਿਚ ਚੋਰਾਂ ਵੱਲੋਂ ਇਕ ਸ਼ਾਤਿਰਾਨਾ ਅਤੇ ਅਨੋਖੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਚੋਰਾਂ ਨੇ ਕਿਸੇ ਦੁਕਾਨ ਦਾ ਤਾਲਾ ਤੋੜਨ ਦੀ ਬਜਾਏ, ਦੁਕਾਨਾਂ ਦੇ ਬਾਹਰ ਲੱਗੇ ਕੀਮਤੀ ਬਿਜਲੀ ਉਪਕਰਣਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਸ਼ਾਤਿਰ ਚੋਰਾਂ ਨੇ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਦੁਕਾਨਾਂ ਦੇ ਬਾਹਰ ਲੱਗੇ ਏਅਰ ਕੰਡੀਸ਼ਨਰ (AC) ਅਤੇ ਬਿਜਲੀ ਦੇ ਮੀਟਰਾਂ ਦੀਆਂ ਕਾਪਰ (ਤਾਂਬੇ) ਦੀਆਂ ਤਾਰਾਂ ਅਤੇ ਪਾਈਪਾਂ ਕੱਟ ਕੇ ਚੋਰੀ ਕਰ ਲਈਆਂ। ਤੜਕੇ ਸਵੇਰੇ ਹੋਈ ਇਸ ਵਾਰਦਾਤ ਤੋਂ ਬਾਅਦ ਹੌਜ਼ਰੀ ਵਪਾਰੀਆਂ ਵਿਚ ਡਰ ਅਤੇ ਗੁੱਸੇ ਦਾ ਮਾਹੌਲ ਹੈ।
ਪੀੜਤ ਦੁਕਾਨਦਾਰ ਸੌਰਵ ਸਰੀਨ (ਮਾਲਕ, ਹਰੀ ਓਮ ਨਿਟਵੀਅਰ ਹੌਜ਼ਰੀ) ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ 'ਤੇ ਪਹੁੰਚੇ ਤਾਂ ਬਿਜਲੀ ਪੂਰੀ ਤਰ੍ਹਾਂ ਬੰਦ ਸੀ। ਜਦੋਂ ਉਨ੍ਹਾਂ ਨੇ ਬਾਹਰ ਜਾ ਕੇ ਜਾਂਚ ਕੀਤੀ ਤਾਂ ਦੇਖਿਆ ਕਿ ਬਿਜਲੀ ਦੇ ਮੀਟਰ ਅਤੇ ਏ.ਸੀ. ਦੀਆਂ ਕੀਮਤੀ ਤਾਂਬੇ ਦੀਆਂ ਤਾਰਾਂ ਕੱਟੀਆਂ ਹੋਈਆਂ ਸਨ। ਜਦੋਂ ਆਲੇ-ਦੁਆਲੇ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਚੋਰ ਨੇ ਲਾਈਨ ਵਿਚ ਲੱਗੀਆਂ ਦੋ ਹੋਰ ਦੁਕਾਨਾਂ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਸੀ।
CCTV ਵਿਚ ਕੈਦ ਹੋਈ ਵਾਰਦਾਤ
ਇਹ ਪੂਰੀ ਘਟਨਾ ਸਵੇਰੇ ਕਰੀਬ 5:40 ਵਜੇ ਦੀ ਦੱਸੀ ਜਾ ਰਹੀ ਹੈ ਅਤੇ ਚੋਰ ਦੀ ਇਹ ਕਰਤੂਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਪਾਈਪਾਂ ਕੱਟਣ ਕਾਰਨ ਏ.ਸੀ. ਦੀ ਸਾਰੀ ਗੈਸ ਵੀ ਨਿਕਲ ਗਈ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਮੁਰੰਮਤ 'ਤੇ ਹਜ਼ਾਰਾਂ ਰੁਪਏ ਦਾ ਵਾਧੂ ਖਰਚਾ ਕਰਨਾ ਪਵੇਗਾ।
ਪੁਲਸ ਗਸ਼ਤ ਵਧਾਉਣ ਦੀ ਮੰਗ
ਤਿਲਕ ਨਗਰ ਹੌਜ਼ਰੀ ਮਾਰਕੀਟ ਦੇ ਵਪਾਰੀਆਂ ਅਨੁਸਾਰ ਇਲਾਕੇ ਵਿਚ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਦੁਕਾਨਦਾਰਾਂ ਅਤੇ ਐਸੋਸੀਏਸ਼ਨ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੂੰ ਗੁਹਾਰ ਲਗਾਈ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਜਲਦ ਪਛਾਣ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੁਲਸ ਦੀ ਪੀ.ਸੀ.ਆਰ. (PCR) ਟੀਮਾਂ ਰਾਤ ਅਤੇ ਸਵੇਰੇ ਦੇ ਸਮੇਂ ਗਸ਼ਤ ਵਧਾਉਣ ਤਾਂ ਜੋ ਅਜਿਹੀਆਂ ਘਟਨਾਵਾਂ 'ਤੇ ਨੱਥ ਪਾਈ ਜਾ ਸਕੇ।
