ਨਹਿਰ ’ਚ ਨਹਾਉਣ ਗਏ 3 ਨੌਜਵਾਨ ਡੁੱਬੇ, ਇਕ ਨੂੰ ਬਚਾਇਆ
Monday, Jun 01, 2026 - 01:03 AM (IST)
ਲੁਧਿਆਣਾ (ਰਾਜ, ਗੌਤਮ) - ਡੇਹਲੋਂ ਇਲਾਕੇ ਵਿਚ ਸਥਿਤ ਘਵੱਦੀ-ਖ਼ਾਨਪੁਰ ਨਹਿਰ ’ਚ ਐਤਵਾਰ ਸ਼ਾਮ ਨਹਾਉਣ ਗਏ 3 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਹੈ, ਜਦਕਿ ਮੌਕੇ ’ਤੇ ਮੌਜੂਦ ਲੋਕਾਂ ਦੀ ਮੁਸਤੈਦੀ ਸਦਕਾ ਚੌਥੇ ਨੌਜਵਾਨ ਨੂੰ ਮੌਤ ਦੇ ਮੂੰਹ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਨਜੀਤ ਨਗਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਬਿੰਦੂ ਅਤੇ ਵਿਨੀ ਕੁਮਾਰ ਤੇ ਅਬਦੁੱਲਾਪੁਰ ਬਸਤੀ ਦੇ ਨਿਵਾਸੀ ਅਜੇ ਕਸ਼ਯਪ ਵਜੋਂ ਹੋਈ ਹੈ। ਐਤਵਾਰ ਛੁੱਟੀ ਹੋਣ ਕਾਰਨ ਇਹ ਨੌਜਵਾਨ ਘੁੰਮਦੇ-ਫਿਰਦੇ ਘਵੱਦੀ-ਖ਼ਾਨਪੁਰ ਨਹਿਰ ਕੋਲ ਪਹੁੰਚ ਗਏ ਸਨ। ਨਹਾਉਂਦੇ ਸਮੇਂ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ 3 ਨੌਜਵਾਨ ਡੂੰਘੇ ਪਾਣੀ ਦੀ ਘੁੰਮਣਘੇਰੀ ਵਿਚ ਫਸ ਗਏ ਤੇ ਦੇਖਦਿਆਂ ਹੀ ਦੇਖਦਿਆਂ ਡੁੱਬਣ ਲੱਗੇ।
ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਸੇ ਤਰ੍ਹਾਂ ਚੌਥੇ ਨੌਜਵਾਨ ਨੂੰ ਬਚਾਅ ਕੇ ਬਾਹਰ ਕੱਢ ਲਿਆ। ਘਟਨਾ ਦੀ ਭਿਣਕ ਲੱਗਦਿਆਂ ਹੀ ਥਾਣਾ ਡੇਹਲੋਂ ਤੇ ਗੋਤਾਖੋਰਾਂ ਦੀਆਂ ਬਚਾਅ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਕਈ ਘੰਟਿਆਂ ਦੀ ਭਾਲ ਤੋਂ ਬਾਅਦ ਗੋਤਾਖੋਰਾਂ ਨੇ 3 ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਹਿਰ ਦੇ ਡੂੰਘੇ ਪਾਣੀ ਵਿਚੋਂ ਬਾਹਰ ਕੱਢਿਆ।
