ਸਾਈਬਰ ਠੱਗੀ ਦੇ ਮਾਮਲਿਆਂ ''ਚ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ
Sunday, Dec 29, 2024 - 05:24 PM (IST)
ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਸਾਈਬਰ ਠੱਗੀ ਦੇ 2 ਮਾਮਲਿਆਂ 'ਚ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚੇ ਦਰਜ ਕੀਤੇ ਹਨ। ਐੱਸ. ਐੱਸ. ਪੀ. ਸੌਮਿਆ ਮਿਸ਼ਰਾ ਨੇ ਦੱਸਿਆ ਕਿ ਦੋਹਾਂ ਮਾਮਲਿਆਂ 'ਚ ਠੱਗਾਂ ਨੇ 2 ਵਿਅਕਤੀਆਂ ਨੂੰ ਆਨਲਾਈਨ ਟ੍ਰੇਡਿੰਗ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਕਰੀਬ 20 ਲੱਖ ਰੁਪਏ ਠੱਗ ਲਏ। ਐੱਸ. ਐੱਸ. ਪੀ. ਨੇ ਦੱਸਿਆ ਕਿ ਗੁਰੂਹਰਸਹਾਏ ਵਾਸੀ ਹਰਪ੍ਰੀਤ ਸਿੰਘ ਨੇ ਅਗਸਤ ਮਹੀਨੇ 'ਚ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ, ਜਿਸ 'ਚ ਕਾਲ ਕਰਨ ਵਾਲੇ ਨੇ ਆਨਲਾਈਨ ਟ੍ਰੇਡਿੰਗ ਰਾਹੀਂ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ।
ਉਸ ਉਸਦੀਆਂ ਗੱਲਾਂ 'ਚ ਫਸ ਗਿਆ ਅਤੇ ਵੱਖ-ਵੱਖ ਸਮੇਂ ਦੌਰਾਨ 12 ਲੱਖ 64 ਹਜ਼ਾਰ 06 ਰੁਪਏ ਉਕਤ ਟ੍ਰੇਡਿੰਗ 'ਚ ਲਗਾ ਦਿੱਤੇ। ਉਸ ਨੇ ਦੱਸਿਆ ਕਿ ਸ਼ੁਰੂ 'ਚ ਉਸ ਨੂੰ ਕੁਝ ਧਨਰਾਸ਼ੀ ਵਾਪਸ ਆਉਂਦੀ ਰਹੀ ਪਰ ਬਾਅਦ 'ਚ ਲੰਬੇ ਸਮੇਂ ਤੱਕ ਜਦ ਕੋਈ ਪੈਸਾ ਵਾਪਸ ਨਹੀਂ ਮਿਲਿਆ ਤਾਂ ਉਸ ਨੇ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਐੱਸ. ਐੱਸ. ਪੀ. ਅਨੁਸਾਰ ਦੂਜਾ ਮਾਮਲਾ ਪਿੰਡ ਮੋਹਕਮ ਭੱਟੀ ਦਾ ਹੈ। ਇੱਥੋਂ ਦੇ ਵਾਸੀ ਪਰਵਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਸੋਸ਼ਲ ਮੀਡੀਆ ਸਾਈਟ ਟੈਲੀਗ੍ਰਾਮ 'ਤੇ ਉਸ ਨੂੰ ਆਨਲਾਈਟ ਪੈਸੇ ਇਨਵੈਸਟ ਕਰਕੇ ਵੱਡਾ ਮੁਨਾਫ਼ਾ ਕਮਾਉਣ ਸਬੰਧੀ ਆਫਰ ਆਈ।
ਉਸ ਨੇ ਕੰਪਨੀ ਦਾ ਫਾਰਮ ਆਨਲਾਈਨ ਭਰ ਕੇ ਸਬਮਿੱਟ ਕਰਵਾ ਦਿੱਤਾ, ਜਿਸ ਉਪਰੰਤ ਉਸ ਕੋਲੋਂ 7 ਲੱਖ 97 ਹਜ਼ਾਰ 700 ਰੁਪਏ ਮੰਗਵਾ ਲਏ ਗਏ। ਇਨ੍ਹਾਂ ਪੈਸਿਆਂ ਦੇ ਬਦਲੇ ਵਿਚ ਉਸ ਨੂੰ ਕੋਈ ਸਾਮਾਨ ਨਹੀਂ ਭੇਜਿਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਮਿਲੇ ਤਾਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ। ਐਸ.ਐਸ.ਪੀ. ਨੇ ਦੱਸਿਆ ਕਿ ਇਨਾਂ ਦੋਹਾਂ ਮਾਮਲਿਆਂ ਵਿਚ ਠੱਗਾਂ ਵੱਲੋਂ ਸਾਈਬਰ ਠੱਗੀ ਨੂੰ ਅੰਜਾਮ ਦਿੱਤਾ ਜਾਣਾ ਪਾਇਆ ਗਿਆ ਹੈ, ਸ਼ਿਕਾਇਤਾਂ ਦੇ ਆਧਾਰ ਤੇ ਅਣਪਛਾਤੇ ਠੱਗਾਂ ਦੇ ਖ਼ਿਲਾਫ਼ ਪਰਚੇ ਦਰਜ ਕਰਕੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।