ਵਿਦਿਆਰਥੀਆਂ ਨੂੰ ਠੱਗਣ ਲਈ ਫ਼ਰਜ਼ੀ ਪ੍ਰਸ਼ਨ-ਪੱਤਰ ਵੇਚਣ ਦਾ ਲਾਲਚ ਦੇ ਰਹੇ ਸਾਈਬਰ ਅਪਰਾਧੀ
Thursday, Jan 22, 2026 - 06:05 AM (IST)
ਲੁਧਿਆਣਾ (ਵਿੱਕੀ) : ਦੇਸ਼ ਦੀ ਸਭ ਤੋਂ ਪ੍ਰਸਿੱਧ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇ. ਈ. ਈ. ਮੇਨਜ਼ 2026 ਦਾ ਬੁੱਧਵਾਰ ਨੂੰ ਆਗਾਜ਼ ਹੋਇਆ ਅਤੇ ਇਸੇ ਦੇ ਨਾਲ ਹੀ ਸ਼ਾਮ ਨੂੰ ਇਸ ਦਾ ਪੇਪਰ ਲੀਕ ਹੋਣ ਦੀ ਅਫਵਾਹ ਵੀ ਫੈਲ ਗਈ। ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਪੇਪਰ ਲੀਕ ਦੀਆਂ ਖ਼ਬਰਾਂ ’ਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਸਖਤ ਰੁਖ ਅਪਣਾਇਆ ਹੈ। ਉਕਤ ਸਬੰਧੀ ਐੱਨ. ਟੀ. ਏ. ਨੇ ‘ਐਕਸ’ ’ਤੇ ਇਕ ਅਧਿਕਾਰਤ ਨੋਟਿਸ ਜਾਰੀ ਕਰ ਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਚੇਤ ਕੀਤਾ ਕਿ ਵ੍ਹਟਸਐਪ ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮ ’ਤੇ ਚੱਲ ਰਹੇ ਪ੍ਰਸ਼ਨ ਪੱਤਰ ਲੀਕ ਹੋਣ ਦੇ ਦਾਅਵੇ ਪੂਰੀ ਤਰ੍ਹਾਂ ਫਰਜ਼ੀ ਅਤੇ ਭੁਲੇਖਾਪਾਊ ਹਨ।
ਇਹ ਵੀ ਪੜ੍ਹੋ : ਪੰਜਾਬ: ਡੱਬ 'ਚ ਪਿਸਟਲ ਲਾ ਕੁੜੀਆਂ ਨਾਲ ਘੁੰਮਦੇ ਮੁੰਡੇ ਦਾ ਗੋਲ਼ੀਆਂ ਮਾਰ ਕੇ ਕਤਲ, ਹੋ ਗਏ ਵੱਡੇ ਖ਼ੁਲਾਸੇ
ਏਜੰਸੀ ਨੇ ਸਪੱਸ਼ਟ ਕੀਤਾ ਕਿ ਕੁਝ ਸ਼ਰਾਤੀ ਤੱਤ ਅਤੇ ਸਾਈਬਰ ਅਪਰਾਧੀ ਵਿਦਿਆਰਥੀਆਂ ਨੂੰ ਠੱਗਣ ਲਈ ਫਰਜ਼ੀ ਪ੍ਰਸ਼ਨ ਪੱਤਰ ਵੇਚਣ ਦਾ ਲਾਲਚ ਦੇ ਰਹੇ ਹਨ। ਇਹ ਲੋਕ ਸੋਸ਼ਲ ਮੀਡੀਆ ਗਰੁੱਪਾਂ ਦੇ ਜ਼ਰੀਏ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਆਗਾਮੀ ਪ੍ਰੀਖਿਆ ਅਸਲੀ ਪੇਪਰ ਹਨ, ਜੋ ਕਿ ਇਕ ਸੋਚੀ-ਸਮਝੀ ਸਾਜ਼ਿਸ਼ ਅਤੇ ਸਕੈਮ ਦਾ ਹਿੱਸਾ ਹੈ। ਪਿਛਲੇ ਕੁਝ ਦਿਨਾਂ ਵਿਚ ਵ੍ਹਟਸਐਪ ਅਤੇ ਟੈਲੀਗ੍ਰਾਮ ’ਤੇ ਕਈ ਅਜਿਹੀਆਂ ਪੋਸਟਾਂ ਦੇਖੀਆਂ ਗਈਆਂ ਜਿਥੇ ਪੈਸੇ ਬਦਲੇ ਪ੍ਰਸ਼ਨ-ਪੱਤਰ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਕਿਓਰਿਟੀ ਤੋੜੀ ਤੇ ਫੜ ਲਿਆ ਰੋਹਿਤ ਸ਼ਰਮਾ ਦਾ ਹੱਥ... ਔਰਤ ਦੇ ਹੰਗਾਮੇ ਨਾਲ ਹੋਟਲ 'ਚ ਪੈ ਗਈਆਂ ਭਾਜੜਾਂ
ਐੱਨ. ਟੀ. ਏ. ਮੁਤਾਬਕ ਇਹ ਅਪਰਾਧੀ ਵਿਦਿਆਰਥੀਆਂ ਦੀ ਘਬਰਾਹਟ ਦਾ ਫਾਇਦਾ ਚੁੱਕ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਣ ਦੀ ਕੋਸ਼ਿਸ਼ ਕਰ ਰਹੇ ਹਨ। ਏਜੰਸੀ ਨੇ ਸਾਫ ਕੀਤਾ ਹੈ ਕਿ ਪ੍ਰੀਖਿਆ ਦੀ ਗੁਪਤਤਾ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਲਈ ਪੇਪਰ ਲੀਕ ਹੋਣਾ ਲਗਭਗ ਅਸੰਭਵ ਹੈ। ਜਿਹੜੇ ਵਿਦਿਆਰਥੀ ਇਨ੍ਹਾਂ ਫਰਜ਼ੀ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣਗੇ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਪ੍ਰੀਖਿਆ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਐੱਨ. ਟੀ. ਏ. ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਮਿਹਨਤ ’ਤੇ ਭਰੋਸਾ ਰੱਖਣ ਅਤੇ ਅਪਡੇਟ ਦੇ ਲਈ ਕੇਵਲ ਅਧਿਕਾਰਤ ਵੈੱਬਸਾਈਟ ’ਤੇ ਹੀ ਨਜ਼ਰ ਰੱਖਣ।
