ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲਾ ਕਾਬੂ
Wednesday, Apr 04, 2018 - 05:07 AM (IST)

ਖਾਲੜਾ/ਭਿੱਖੀਵਿੰਡ, (ਭਾਟੀਆ, ਰਾਜੀਵ, ਬਖਤਾਵਰ, ਲਾਲੂਘੁੰਮਣ)- ਥਾਣਾ ਖਾਲੜਾ ਦੀ ਪੁਲਸ ਵੱਲੋਂ ਕਰੀਬ ਦੋ ਸਾਲ ਪਹਿਲਾਂ ਦਰਜ ਧੋਖਾਦੇਹੀ ਦੇ ਮਾਮਲੇ ਇਕ ਪਟਵਾਰੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਧੁੰਨ ਜ਼ਿਲਾ ਤਰਨਤਾਰਨ ਨੇ ਐੱਸ. ਪੀ. ਹੈੱਡ ਕੁਆਰਟਰ ਤਰਨਤਾਰਨ ਨੂੰ ਦਰਖਾਸਤ ਦਿੱਤੀ ਸੀ ਕਿ ਸੁਖਵਿੰਦਰ ਸਿੰਘ ਪਟਵਾਰੀ ਵਾਸੀ ਪਿੰਡ ਗੁਮਾਨਪੁਰਾ ਤਹਿਸੀਲ ਤੇ ਜ਼ਿਲਾ ਅੰਮ੍ਰਿਤਸਰ ਨੇ ਉਸ ਦੇ ਭਰਾ ਨੂੰ ਵਿਦੇਸ਼ ਭੇਜਣ ਲਈ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਲਿਖਤ ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਸਾਲ 2014 'ਚ ਪਟਵਾਰੀ ਸੁਖਵਿੰਦਰ ਸਿੰਘ ਸਰਕਲ ਭਿੱਖੀਵਿੰਡ ਵਿਖੇ ਪਟਵਾਰੀ ਲੱਗਾ ਹੋਇਆ ਸੀ, ਜਿਸ ਦਾ ਜਰਨੈਲ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਭਿੱਖੀਵਿੰਡ ਨਾਲ ਸਬੰਧ ਹੋਣ ਕਰ ਕੇ ਉਨ੍ਹਾਂ ਨਾਲ ਆਉਣ-ਜਾਣਾ ਸ਼ੁਰੂ ਹੋ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਪਟਵਾਰੀ ਨੇ ਉਸ ਨੂੰ ਕਿਹਾ ਕਿ ਉਹ ਬਾਹਰ ਵਿਦੇਸ਼ ਬੰਦੇ ਵੀ ਭੇਜ ਦਿੰਦਾ ਹੈ, ਜਿਸ 'ਤੇ ਉਸ ਨੇ ਆਪਣੇ ਭਰਾ ਸੁਰਜੀਤ ਸਿੰਘ ਨੂੰ ਬਾਹਰ ਦੁਬਈ ਭੇਜਣ ਲਈ ਜਰਨੈਲ ਸਿੰਘ ਰਾਹੀਂ ਗੱਲਬਾਤ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਦੁਬਈ ਭੇਜਣ ਦੇ 4 ਲੱਖ 50 ਹਜ਼ਾਰ ਰੁਪਏ ਲੱਗਣਗੇ। ਦੁਬਈ 'ਚ ਕੰਪਨੀ ਵੱਲੋਂ ਲਾਇਸੈਂਸ ਵੀ ਬਣਾ ਕੇ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸੁਖਵਿੰਦਰ ਸਿੰਘ ਪਟਵਾਰੀ ਆਪਣੇ ਨਾਲ ਜਰਨੈਲ ਸਿੰਘ ਨੂੰ ਲੈ ਕੇ ਉਸ ਦੇ ਘਰ ਆਇਆ ਤੇ ਜਰਨੈਲ ਸਿੰਘ ਦੀ ਹਾਜ਼ਰੀ 'ਚ ਉਸ ਨੂੰ 3 ਲੱਖ ਰੁਪਏ ਦੇ ਦਿੱਤੇ ਤੇ ਬਾਕੀ ਦੀ ਰਕਮ ਵੀਜ਼ਾ ਆਉਣ 'ਤੇ ਦੇਣ ਦੀ ਗੱਲਬਾਤ ਹੋਈ, ਜਿਸ 'ਤੇ ਪਟਵਾਰੀ ਸੁਖਵਿੰਦਰ ਸਿੰਘ ਉਨ੍ਹਾਂ ਨਾਲ ਸਹਿਮਤ ਹੋ ਗਿਆ।
ਉਸ ਸਮੇਂ ਘਰ 'ਚ ਕੁਲਦੀਪ ਸਿੰਘ ਮੈਂਬਰ ਤੇ ਸਾਬਕਾ ਮੈਂਬਰ ਬਲਬੀਰ ਸਿੰਘ ਵੀ ਮੌਜੂਦ ਸਨ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸ ਦੇ ਭਰਾ ਨੂੰ ਬਾਹਰ ਭੇਜਿਆ ਹੈ ਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤਕਰਤਾ ਨੇ ਇਹ ਵੀ ਜ਼ਿਕਰ ਕੀਤਾ ਕਿ ਉਕਤ ਪੈਸਿਆਂ ਨੂੰ ਲੈ ਕੇ ਪਟਵਾਰੀ ਸੁਖਵਿੰਦਰ ਸਿੰਘ ਵੱਲੋਂ ਉਨ੍ਹਾਂ ਨਾਲ ਇਕਰਾਰਨਾਮਾ ਵੀ ਕੀਤਾ ਗਿਆ ਹੈ, ਜਿਸ ਦੀ ਨਕਲ ਦਰਖਾਸਤ ਨਾਲ ਨੱਥੀ ਕੀਤੀ ਗਈ ਹੈ। ਉਸ ਨੇ ਦੋਸ਼ ਲਾਇਆ ਕਿ ਪਟਵਾਰੀ ਸੁਖਵਿੰਦਰ ਸਿੰਘ ਵੱਲੋਂਂ ਵਿਦੇਸ਼ ਭੇਜਣ ਦੇ ਨਾਂ 'ਤੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਗਈ ਹੈ। ਮਿਲੀ ਸ਼ਿਕਾਇਤ ਦੇ ਆਧਾਰ 'ਤੇ ਇਸ ਜੀ ਜਾਂਚ ਚਾਰਜ ਐਟੀਫੇਕ ਟ੍ਰੈਵਲ ਏਜੰਟ ਸੈੱਲ ਤਰਨਤਾਰਨ ਵੱਲੋਂ ਕੀਤੀ ਗਈ, ਜਿਸ ਦੀ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਪਾਇਆ ਗਿਆ ਕਿ ਪਟਵਾਰੀ ਸੁਖਵਿੰਦਰ ਸਿੰਘ ਵੱਲੋਂਂ ਵਿਦੇਸ਼ ਭੇਜਣ ਦੇ ਨਾਂ 'ਤੇ ਪੈਸੇ ਲੈ ਕੇ ਧੋਖਾਦੇਹੀ ਕਰਨੀ ਸਾਬਤ ਹੁੰਦੀ ਹੈ, ਜਿਸ ਖਿਲਾਫ ਧਾਰਾ 420 ਆਈ. ਪੀ. ਸੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਸਬੰਧੀ ਥਾਣਾ ਖਾਲੜਾ ਦੇ ਏ. ਐੱਸ. ਆਈ. ਭਗਵੰਤ ਸਿੰਘ ਵੱਲੋਂ ਦੋਸ਼ੀ ਸੁਖਵਿੰਦਰ ਸਿੰਘ ਪਟਵਾਰੀ ਨਿਵਾਸੀ ਗੁਮਾਨਪੁਰਾ ਜ਼ਿਲਾ ਅੰਮ੍ਰਿਤਸਰ ਨੂੰ ਕਾਬੂ ਕਰ ਲਿਆ ਗਿਆ ਹੈ।
ਗ੍ਰਿਫਤਾਰ ਕਰਨ ਉਪਰੰਤ ਮੰਗਲਵਾਰ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ, ਜਿਥੋਂ ਰਿਮਾਂਡ ਮਿਲਣ 'ਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਉਕਤ ਪਟਵਾਰੀ ਸੁਖਵਿੰਦਰ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਭਿੱਖੀਵਿੰਡ ਵਿਖੇ ਸਾਲ 2017 'ਚ ਧੋਖਾਦੇਹੀ ਆਦਿ ਧਾਰਾਵਾਂ ਅਧੀਨ ਮਕੱਦਮਾ ਦਰਜ ਹੈ।