ਸਸਤੀ ਸਰਾਬ ਲਿਆ ਕੇ ਮਹਿੰਗੇ ਭਾਅ ਵੇਚਣ ਵਾਲਾ ਕਾਬੂ, 40 ਪੇਟੀਆਂ ਨਜਾਇਜ਼ ਸਰਾਬ ਬਰਾਮਦ
Monday, Jul 28, 2025 - 09:49 PM (IST)

ਹਲਵਾਰਾ (ਲਾਡੀ) - ਐਸ.ਐਸ.ਪੀ. ਲੁਧਿਆਣਾ ਦਿਹਾਤੀ ਡਾ. ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ’ਚ ਨਜਾਇਜ਼ ਸਰਾਬ ਵਿਰੁੱਧ ਚਲ ਰਹੀ ਮੁਹਿੰਮ ਅਧੀਨ ਥਾਣਾ ਸੁਧਾਰ ਦੀ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਇੱਕ ਇਨੋਵਾ ਗੱਡੀ ’ਚ ਲੋਡ ਕਰਕੇ ਨਜਾਇਜ਼ ਤਰੀਕੇ ਨਾਲ ਸਸਤੀ ਦੇਸ਼ੀ ਸਰਾਬ ਵੇਚਣ ਜਾ ਰਹੇ ਵਿਅਕਤੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਬੱਸ ਸਟੈਂਡ ਸੁਧਾਰ ਨੇੜੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਪੱਖੋਵਾਲ ਦਾ ਰਹਿਣ ਵਾਲਾ ਗਗਨਦੀਪ ਸਿੰਘ ਗਗਨ ਸਸਤੀ ਸ਼ਰਾਬ ਲਿਆ ਕੇ ਪਿੰਡ ਬੁਢੇਲ ਹਲਵਾਰਾ ਤੁਗਲ ਐਤੀਆਣਾ ਆਦਿ ਪਿੰਡਾਂ ਵਿੱਚ ਮਹਿੰਗੇ ਭਾਅ ਵੇਚਦਾ ਹੈ, ਜੋ ਕਿ ਨਕਲੀ ਠੇਕੇਦਾਰ ਬਣ ਕੇ ਨਕਲੀ ਸਸਤੀ ਸਰਾਬ ਲਿਆਉਂਦਾ ਹੈ, ਅੱਜ ਵੀ ਇਨੋਵਾ ਗੱਡੀ ਰਾਹੀਂ ਪਿੰਡ ਤੁਗਲ ਤੋਂ ਜੱਸੋਵਾਲ ਸਾਈਡ ਸਰਾਬ ਵੇਚਣ ਜਾ ਰਿਹਾ ਹੈ।
ਪੁਲਸ ਨੇ ਤੁਰੰਤ ਨਾਕਾਬੰਦੀ ਕਰਕੇ ਇਨੋਵਾ ਨੂੰ ਰੋਕਿਆ ਤੇ ਜਾਂਚ ਦੌਰਾਨ 15 ਪੇਟੀਆਂ ਬਿਨਜ ਰਸਭਰੀ ਅਤੇ 25 ਪੇਟੀਆਂ ਹੀਰ ਸੌਫੀ ਨਜਾਇਜ਼ ਦੇਸ਼ੀ ਸਰਾਬ ਬਰਾਮਦ ਕੀਤੀ। ਗਗਨਦੀਪ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਨੋਵਾ ਕਾਰ ਵੀ ਕਬਜ਼ੇ ’ਚ ਲੈ ਲਈ ਗਈ।
ਥਾਣਾ ਸੁਧਾਰ ਵਿਖੇ ਗਗਨਦੀਪ ਸਿੰਘ ਗਗਨ ਪੁੱਤਰ ਮੁਖਤਿਆਰ ਸਿੰਘ ਵਾਸੀ ਪੱਖੋਵਾਲ ਖ਼ਿਲਾਫ਼ ਵਿਅਕਤੀਕਤ ਸ਼ਰਾਬ ਤਸਕਰੀ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਮੁਤਾਬਕ ਗ੍ਰਿਫਤਾਰ ਵਿਅਕਤੀ ਪਿੱਛਲੇ ਕਈ ਸਮੇਂ ਤੋਂ ਇਲਾਕੇ ਦੇ ਪਿੰਡਾਂ ਵਿਚ ਨਕਲੀ ਠੇਕੇਦਾਰ ਬਣ ਕੇ ਸਰਾਬ ਦੀ ਤਸਕਰੀ ਕਰ ਰਿਹਾ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਗਿਰੋਹੀ ਅੰਸ ਲੱਭਣ ਦੀ ਸੰਭਾਵਨਾ ਹੈ।