ਫਿਲਹਾਲ ਡਾਇਰੈਕਟਰ ਤੋਂ ਬਿਨਾਂ ਹੀ ਚੱਲੇਗਾ ਪੰਜਾਬ ਦਾ ਲੋਕਲ ਬਾਡੀਜ਼ ਵਿਭਾਗ
Saturday, Aug 17, 2024 - 06:08 AM (IST)

ਲੁਧਿਆਣਾ (ਹਿਤੇਸ਼) : ਪੰਜਾਬ ਦਾ ਲੋਕਲ ਬਾਡੀਜ਼ ਵਿਭਾਗ ਫਿਲਹਾਲ ਡਾਇਰੈਕਟਰ ਤੋਂ ਬਿਨਾਂ ਹੀ ਚੱਲੇਗਾ। ਇਹ ਗੱਲ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਆਈ.ਏ.ਐੱਸ. ਅਧਿਕਾਰੀਆਂ ਦੀ ਟਰਾਂਸਫਰ ਨੂੰ ਲੈ ਕੇ ਜਾਰੀ ਆਰਡਰ ਤੋਂ ਬਾਅਦ ਸਾਹਮਣੇ ਆਈ ਹੈ। ਇਸ ਫੈਸਲੇ ’ਚ ਲੋਕਲ ਬਾਡੀਜ਼ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੂੰ ਗੁਰਦਾਸਪੁਰ ’ਚ ਡੀ.ਸੀ. ਲਗਾ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਅਫਸਰ ਨੂੰ ਲੋਕਲ ਬਾਡੀਜ਼ ਵਿਭਾਗ ਦਾ ਡਾਇਰੈਕਟਰ ਨਹੀਂ ਲਗਾਇਆ ਗਿਆ।
ਇਸ ਦੇ ਮੱਦੇਨਜ਼ਰ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਪੱਕੇ ਤੌਰ ’ਤੇ ਡਾਇਰੈਕਟਰ ਦੀ ਨਿਯੁਕਤੀ ਹੋਣ ਤੱਕ ਅਸਥਾਈ ਰੂਪ ’ਚ ਵਿਭਾਗੀ ਕੰਮਕਾਜ ਚਲਾਉਣ ਲਈ ਬਦਲਵੀਂ ਵਿਵਸਥਾ ਕਰਨ ਲਈ ਬੋਲਿਆ ਗਿਆ ਹੈ।
ਕੁਝ ਦਿਨਾਂ ਅੰਦਰ ਹੀ ਮਿਲ ਚੁੱਕੇ ਹਨ 3 ਨਵੇਂ ਪ੍ਰਿੰਸੀਪਲ ਸਕੱਤਰ
ਲੋਕਲ ਬਾਡੀ ਵਿਭਾਗ ’ਚ ਆਹਲਾ ਅਧਿਕਾਰੀਆਂ ਦੀ ਪੋਸਟਿੰਗ ਨੂੰ ਲੈ ਕੇ ਲੁਕਣ-ਮੀਚੀ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਦੇ ਤਹਿਤ ਪ੍ਰਿੰਸੀਪਲ ਸਕੱਤਰ ਅਜੇ ਸ਼ਰਮਾ ਦੇ ਛੁੱਟੀ ’ਤੇ ਜਾਣ ਦੌਰਾਨ ਪਹਿਲਾਂ ਰਵੀ ਭਗਤ ਅਤੇ ਫਿਰ ਡੀ.ਕੇ. ਤਿਵਾੜੀ ਨੂੰ ਚਾਰਜ ਦਿੱਤਾ ਗਿਆ ਪਰ ਅਜੇ ਸ਼ਰਮਾ ਦੇ ਛੁੱਟੀ ਤੋਂ ਵਾਪਸ ਆਉਣ ਤੋਂ ਪਹਿਲਾਂ ਹੀ ਤੇਜਵੀਰ ਸਿੰਘ ਨੂੰ ਲੋਕਲ ਬਾਡੀ ਵਿਭਾਗ ’ਚ ਨਵਾਂ ਪ੍ਰਿੰਸੀਪਲ ਸੈਕਟਰੀ ਲਗਾ ਦਿੱਤਾ ਗਿਆ।
ਡੀ.ਸੀ. ਦੀ ਕੁਰਸੀ ਤੋਂ ਹਟਾਏ ਗਏ 2 ਆਈ.ਏ.ਐੱਸ. ਅਧਿਕਾਰੀਆਂ ਨੂੰ ਵੀ ਪੋਸਟਿੰਗ ਲਈ ਕਰਨਾ ਪਵੇਗਾ ਇੰਤਜ਼ਾਰ
ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਜੋ ਆਈ.ਏ.ਐੱਸ. ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਕੀਤੀ ਗਈ ਹੈ, ਉਸ ’ਚ ਪਹਿਲਾਂ ਤੋਂ ਲੱਗੇ ਹੋਏ ਕਈ ਡੀ.ਸੀ. ਇਧਰੋਂ-ਓਧਰ ਕੀਤੇ ਗਏ ਹਨ, ਜਿਨ੍ਹਾਂ ’ਚ ਕੁਲਵੰਤ ਸਿੰਘ ਨੂੰ ਮੋਗਾ ਤੋਂ ਮਾਨਸਾ ਅਤੇ ਗੁਰਦਾਸਪੁਰ ਦੇ ਡੀ.ਸੀ. ਵਿਸ਼ੇਸ਼ ਸਾਰੰਗਲ ਨੂੰ ਮੋਗਾ ਭੇਜ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਲੋਕਲ ਬਾਡੀ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੂੰ ਗੁਰਦਾਸਪੁਰ ਅਤੇ ਰੈਵੇਨਿਊ ਡਿਪਾਰਟਮੈਂਟ ਦੇ ਐਡੀਸ਼ਨਲ ਸੈਕਟਰੀ ਰਾਜੇਸ਼ ਤ੍ਰਿਪਾਠੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਡੀ.ਸੀ. ਲਗਾਇਆ ਗਿਆ ਹੈ ਪਰ ਮਾਨਸਾ ਦੇ ਡੀ.ਸੀ. ਤੋਂ ਹਟਾਏ ਗਏ ਪਰਮਵੀਰ ਸਿੰਘ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਡੀ.ਸੀ. ਰਹੇ ਹਰਪ੍ਰੀਤ ਸਿੰਘ ਸੂਦਨ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ। ਇਸ ਸਬੰਧ ’ਚ ਚੀਫ ਸੈਕਟਰੀ ਅਨੁਰਾਗ ਸ਼ਰਮਾ ਵੱਲੋਂ ਜਾਰੀ ਆਰਡਰ ’ਚ ਉਕਤ ਦੋਵੇਂ ਅਧਿਕਾਰੀਆਂ ਨੂੰ ਫਿਲਹਾਲ ਪਰਸਨਲ ਡਿਪਾਰਟਮੈਂਟ ’ਚ ਰਿਪੋਰਟ ਕਰਨ ਲਈ ਬੋਲਿਆ ਗਿਆ ਹੈ।
ਅਜੇ ਹੋਰ ਲੰਬੀ ਹੋਵੇਗੀ ਟਰਾਂਸਫਰ ਦੀ ਲਿਸਟ
ਜਾਰੀ ਕੀਤੀ ਗਈ ਟਰਾਂਸਫਰ ਲਿਸਟ ਆਉਣ ਵਾਲੇ ਦਿਨਾਂ ’ਚ ਹੋਰ ਲੰਬੀ ਹੋ ਸਕਦੀ ਹੈ। ਇਸ ਬਾਰੇ ਐੱਸ.ਐੱਸ.ਪੀ. ਲੈਵਲ ਦੇ ਅਧਿਕਾਰੀਆਂ ਦੀ ਟਰਾਂਸਫਰ ਸਮੇਂ ਹੀ ਸਾਫ ਕਰ ਦਿੱਤਾ ਗਿਆ ਸੀ ਕਿ ਆਉਣ ਵਾਲੇ ਦਿਨਾਂ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟਰਾਂਸਫਰ ਲਿਸਟ ਜਾਰੀ ਕੀਤੀ ਜਾਵੇਗੀ। ਭਾਵੇਂ ਇਹ ਲਿਸਟ ਕਾਫੀ ਦਿਨ ਪਹਿਲਾਂ ਹੀ ਫਾਈਨਲ ਹੋ ਗਈ ਸੀ ਪਰ ਉਸ ’ਚੋਂ ਪਹਿਲਾਂ ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਲੈਵਲ ਦੇ ਅਧਿਕਾਰੀਆਂ ਦੀ ਲਿਸਟ ਜਾਰੀ ਕੀਤੀ ਗਈ।
ਜਿਥੋਂ ਤੱਕ ਡੀ.ਸੀ., ਏ.ਡੀ.ਸੀ. ਜਾਂ ਐੱਸ.ਡੀ.ਐੱਮ. ਲੈਵਲ ਦੇ ਅਧਿਕਾਰੀਆਂ ਦਾ ਸਵਾਲ ਹੈ, ਉਨ੍ਹਾਂ ਦੀ ਟਰਾਂਸਫਰ ਲਿਸਟ 15 ਅਗਸਤ ਨੂੰ ਹੋਣ ਵਾਲੇ ਸਮਾਰੋਹਾਂ ਦੇ ਮੱਦੇਨਜ਼ਰ ਪੈਂਡਿੰਗ ਕਰ ਦਿੱਤੀ ਗਈ ਸੀ ਪਰ ਹੁਣ 15 ਅਗਸਤ ਤੋਂ ਤੁਰੰਤ ਬਾਅਦ ਇਕ ਤੋਂ ਬਾਅਦ ਇਕ ਕਰ ਕੇ ਟਰਾਂਸਫਰ ਲਿਸਟ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ, ਜਿਸ ਵਿਚ ਆਉਣ ਵਾਲੇ ਦਿਨਾਂ ’ਚ ਕੁਝ ਹੋਰ ਡੀ. ਸੀਜ਼ ਦੇ ਨਾਂ ਵੀ ਸ਼ਾਮਲ ਹੋ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8