ਚੋਣ ਸਮੱਗਰੀ ਦੇ ਨਾਂ ''ਤੇ ਸਾਬਕਾ MLA ਉਮੀਦਵਾਰ ਨਾਲ 80 ਹਜ਼ਾਰ ਦੀ ਠੱਗੀ
Tuesday, Mar 24, 2026 - 08:41 PM (IST)
ਲੁਧਿਆਣਾ, (ਰਾਜ)- ਵਿਧਾਨ ਸਭਾ ਹਲਕਾ ਪੱਛਮੀ (ਲੁਧਿਆਣਾ) ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਨੂੰ ਚੋਣ ਪ੍ਰਚਾਰ ਸਮੱਗਰੀ ਤਿਆਰ ਕਰਵਾਉਣ ਦੇ ਨਾਂ 'ਤੇ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਹੋਏ ਉਮੀਦਵਾਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਇੱਕ ਵਿਅਕਤੀ ਨੇ ਪੋਸਟਰ ਅਤੇ ਹੋਰ ਪ੍ਰਚਾਰ ਸਮੱਗਰੀ ਛਪਵਾਉਣ ਦੇ ਬਦਲੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਠੱਗ ਲਏ, ਪਰ ਨਾ ਤਾਂ ਸਾਮਾਨ ਦਿੱਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਸ ਨੇ ਨਵਨੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਇੰਦਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਨਵਨੀਤ ਸਿੰਘ ਅਨੁਸਾਰ, ਉਹ ਵਿਧਾਨ ਸਭਾ ਹਲਕਾ ਪੱਛਮੀ ਤੋਂ ਚੋਣ ਲੜ ਰਹੇ ਸਨ। 2 ਜੂਨ 2025 ਨੂੰ ਮੁਲਜ਼ਮ ਇੰਦਰਜੀਤ ਸਿੰਘ (ਵਾਸੀ ਪਿੰਡ ਕਨੈਚ) ਉਨ੍ਹਾਂ ਦੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਦਫ਼ਤਰ ਵਿੱਚ ਆਇਆ ਸੀ। ਮੁਲਜ਼ਮ ਨੇ ਚੋਣ ਪੋਸਟਰ ਅਤੇ ਹੋਰ ਸਮੱਗਰੀ ਤਿਆਰ ਕਰਨ ਦਾ ਕੁੱਲ ਖਰਚਾ 3 ਲੱਖ ਰੁਪਏ ਦੱਸਿਆ ਸੀ, ਜਿਸ ਤੋਂ ਬਾਅਦ ਉਮੀਦਵਾਰ ਨੇ ਉਸ ਨੂੰ 80 ਹਜ਼ਾਰ ਰੁਪਏ ਐਡਵਾਂਸ ਵਜੋਂ ਦੇ ਦਿੱਤੇ।
ਉਮੀਦਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਖਰਚੇ ਦਾ 'ਪੱਕਾ ਬਿੱਲ' ਮੰਗਿਆ, ਤਾਂ ਜੋ ਉਹ ਆਪਣਾ ਚੋਣ ਖਰਚਾ ਕਮਿਸ਼ਨ ਨੂੰ ਸੌਂਪ ਸਕਣ, ਤਾਂ ਮੁਲਜ਼ਮ ਟਾਲ-ਮਟੋਲ ਕਰਨ ਲੱਗ ਪਿਆ। ਇਸ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਪੱਕਾ ਬਿੱਲ ਦਿੱਤਾ ਅਤੇ ਨਾ ਹੀ ਚੋਣ ਸਮੱਗਰੀ ਦੀ ਸਪਲਾਈ ਕੀਤੀ। ਪੀੜਤ ਦਾ ਦੋਸ਼ ਹੈ ਕਿ ਉਕਤ ਵਿਅਕਤੀ ਨੇ ਜਾਣਬੁੱਝ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਚੋਣਾਂ ਦੇ ਅਹਿਮ ਸਮੇਂ ਦੌਰਾਨ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਨੁਕਸਾਨ ਪਹੁੰਚਾਇਆ ਹੈ।
