ਸਾਢੇ ਚਾਰ ਸਾਲਾ ਬੱਚੇ ਨਾਲ ਬਦਫੈਲੀ ਮਾਂ ਨੇ ਲਗਾਏ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼

Thursday, Aug 02, 2018 - 02:03 AM (IST)

ਸਾਢੇ ਚਾਰ ਸਾਲਾ ਬੱਚੇ ਨਾਲ ਬਦਫੈਲੀ ਮਾਂ ਨੇ ਲਗਾਏ ਪੁਲਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼

ਬਠਿੰਡਾ(ਬਲਵਿੰਦਰ)-ਰਾਮਪੁਰਾ ਫੂਲ ਦੇ ਇਕ ਪ੍ਰਾਈਵੇਟ ਸਕੂਲ ਵਿਚ ਸਾਢੇ ਚਾਰ ਸਾਲਾ ਬੱਚੇ ਨਾਲ ਬਦਫੈਲੀ ਜਿਹੀ ਘਿਨੌਣੀ ਹਰਕਤ ਹੋਈ ਹੈ ਪਰ ਪੁਲਸ ਜਾਂ ਸਕੂਲ ਪ੍ਰਸ਼ਾਸਨ ਮਾਮਲਾ ਰਫਾ-ਦਫਾ ਕਰਨ ਦੀ ਫਿਰਾਕ ਵਿਚ ਹੈ, ਜਦੋਂ ਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਦਫੈਲੀ ਦੀ ਸ਼ਿਕਾਇਤ ਹੀ ਨਹੀਂ ਮਿਲੀ।
 ਕੀ ਹੈ ਮਾਮਲਾ
  ਪਿੰਡ ਭਾਈਰੂਪਾ ਦੀ ਇਕ ਅੌਰਤ ਦਾ ਕਹਿਣਾ ਹੈ ਕਿ ਉਸ ਦਾ ਸਾਢੇ ਚਾਰ ਸਾਲਾ ਪੁੱਤਰ ਰਾਮਪੁਰਾ ਦੇ ਇਕ ਸਕੂਲ ਵਿਚ ਐੱਲ. ਕੇ. ਜੀ. ਦਾ ਵਿਦਿਆਰਥੀ ਹੈ। ਬੀਤੇ ਦਿਨੀਂ ਸਕੂਲ ਵਿਚ ਕਿਸੇ ਵਿਅਕਤੀ ਨੇ ਬੱਚੇ ਨਾਲ ਬਦਫੈਲੀ ਜਾਂ ਕੋਈ ਜਿਸਮਾਨੀ ਛੇਡ਼ਛਾਡ਼ ਕੀਤੀ, ਜਿਸ ਤੋਂ ਬਾਅਦ ਬੱਚਾ ਬੀਮਾਰ ਹੋ ਗਿਆ ਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਮੈਡੀਕਲ ਰਿਪੋਰਟ ’ਚ ਵੀ ਆਇਆ ਹੈ ਕਿ ਬੱਚੇ ਨਾਲ ਬਦਫੈਲੀ ਜਾਂ ਜਿਸਮਾਨੀ ਛੇਡ਼ਛਾਡ਼ ਹੋਈ ਹੈ। ਬੱਚਾ ਬੁਰੀ ਤਰ੍ਹਾਂ ਡਰਿਆ ਹੋਇਆ  ਹੈ ਕਿਉਂਕਿ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ  ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਕਤ ਨੇ ਦੱਸਿਆ ਕਿ ਉਸ ਨੇ ਸਕੂਲ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਬੱਚੇ ਨਾਲ ਬਦਫੈਲੀ ਕਰਨ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਪਰ ਸਕੂਲ ਪ੍ਰਸ਼ਾਸਨ ਇਸ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਸ਼ਿਕਾਇਤਕਰਤਾ ਨੇ ਬਾਕਾਇਦਾ ਇਕ ਹਲਫੀਆ ਬਿਆਨ ਜਾਰੀ ਕੀਤਾ ਹੈ ਕਿ ਇਨਸਾਫ ਨਾ ਮਿਲਣ ਸਦਕਾ ਉਸ ਨੇ ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲਾ ਬਠਿੰਡਾ ਨੂੰ ਸੌਂਪ ਦਿੱਤਾ ਹੈ, ਜੋ ਸੰਘਰਸ਼ ਜ਼ਰੀਏ ਇਨਸਾਫ ਹਾਸਲ ਕਰੇਗੀ। 
ਕੀ ਕਹਿਣਾ ਹੈ ਥਾਣਾ ਮੁਖੀ ਦਾ
ਥਾਣਾ ਸਿਟੀ ਰਾਮਪੁਰਾ ਦੇ ਮੁਖੀ ਸਬ ਇੰਸਪੈਕਟਰ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਮਾਂ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ, ਉਸ ਵਿਚ ਸਿਰਫ ਇਹ ਲਿਖਿਆ ਹੈ ਕਿ ਸਕੂਲ ਵਿਚ ਕਿਸੇ ਵਿਅਕਤੀ ਨੇ ਬੱਚੇ ਨੂੰ ਟੀਕਾ ਲਾਇਆ ਤੇ ਦਵਾਈ ਦਿੱਤੀ। ਬਦਫੈਲੀ ਹੋਣ ਜਿਹੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਬੰਧਤ ਡਾਕਟਰਾਂ ਤੋਂ ਵੀ ਪਡ਼ਤਾਲ ਕਰ ਚੁੱਕੇ ਹਾਂ, ਕਿਸੇ ਨੇ ਵੀ ਅਜਿਹਾ ਕੋਈ ਖੁਲਾਸਾ ਨਹੀਂ ਕੀਤਾ ਕਿ ਬੱਚੇ ਨਾਲ ਕੋਈ ਜਿਸਮਾਨੀ ਛੇਡ਼ਛਾਡ਼ ਜਿਹਾ ਕੁਝ ਹੋਇਆ ਹੋਵੇ।


Related News