ਔਰਤ ਨੇ ਪਾਵਰਕਾਮ ਦੇ ਮੁਲਾਜ਼ਮ ''ਤੇ ਲਾਏ ਇੱਜ਼ਤ ਨੂੰ ਹੱਥ ਪਾਉਣ ਦੇ ਦੋਸ਼

03/18/2018 7:20:36 AM

ਤਪਾ ਮੰਡੀ (ਸ਼ਾਮ ਗਰਗ)-ਮੰਡੀ ਦੀ ਇਕ ਔਰਤ ਨੇ ਐੱਸ. ਐੱਸ. ਪੀ. ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਪਾਵਰਕਾਮ ਤਪਾ ਵਿਖੇ ਕੰਮ ਕਰਦੇ ਮੁਲਾਜ਼ਮ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਉਹ ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਚੁੱਪ ਰਹੀ ਪਰ ਉਕਤ ਵਿਅਕਤੀ ਨੇ 9-3-18 ਨੂੰ ਕਰੀਬ 2 ਵਜੇ ਉਸਦੇ ਘਰ ਦਾਖਲ ਹੋ ਕੇ ਉਸਦੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਨਾਲ ਬਦਸਲੂਕੀ ਕੀਤੀ ਅਤੇ ਅਸ਼ਲੀਲ ਹਰਕਤਾਂ ਕਰਦਿਆਂ ਉਸਦੇ ਕੱਪੜੇ ਪਾੜ ਦਿੱਤੇ। ਇਸ ਤੋਂ ਬਾਅਦ ਉਕਤ ਮਾਮਲੇ ਦੀ ਇਤਲਾਹ ਉਸੇ ਦਿਨ ਪੁਲਸ ਥਾਣਾ ਤਪਾ ਵਿਖੇ ਦਿੱਤੀ ਗਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਉਸਨੇ ਟੋਲ ਫ੍ਰੀ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਪਰ ਫਿਰ ਵੀ ਉਸ ਨੂੰ ਇਨਸਾਫ ਨਹੀਂ ਮਿਲਿਆ।
ਉਧਾਰ ਦਿੱਤੇ ਪੈਸੇ ਵਾਪਸ ਮੰਗਣ 'ਤੇ ਦੋਸ਼ ਮੜ੍ਹ ਦਿੱਤੇ : ਮੁਲਾਜ਼ਮ
ਇਸ ਸਬੰਧੀ ਪਾਵਰਕਾਮ ਦੇ ਸੰਬੰਧਤ ਮੁਲਾਜ਼ਮ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਮੇਰੇ 'ਤੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਮਨਘੜਤ, ਝੂਠੇ ਅਤੇ ਬੇਬੁਨਿਆਦ ਹਨ। ਉਧਾਰ ਦਿੱਤੇ ਰੁਪਏ ਵਾਪਸ ਮੰਗਣ 'ਤੇ ਉਕਤ ਔਰਤ ਨੇ ਮੇਰੇ 'ਤੇ ਦੋਸ਼ ਮੜ੍ਹ ਦਿੱਤੇ ਹਨ।
ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਇਸ ਮਾਮਲੇ ਸਬੰਧੀ ਜਦੋਂ ਜ਼ਿਲਾ ਪੁਲਸ ਮੁਖੀ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਔਰਤ ਵੱਲੋਂ ਦਫਤਰ ਆ ਕੇ ਪਾਵਰਕਾਮ ਦੇ ਮੁਲਾਜ਼ਮ ਖਿਲਾਫ ਦਿੱਤੀ ਦਰਖਾਸਤ ਜਾਂਚ ਲਈ ਪੁਲਸ ਸਟੇਸ਼ਨ ਤਪਾ ਭੇਜ ਦਿੱਤੀ ਹੈ। ਜਦੋਂ ਇੰਚਾਰਜ ਐੱਸ. ਐੱਚ. ਓ. ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਆਉਣ ਦਾ ਸਮਾਂ ਦਿੱਤਾ ਗਿਆ ਹੈ। ਜਾਂਚ ਉਪਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। 
ਕੀ ਕਹਿੰਦੇ ਨੇ ਐੱਸ. ਡੀ. ਓ.
ਇਸ ਮਾਮਲੇ ਬਾਰੇ ਪਾਵਰਕਾਮ ਦੇ ਐੈੱਸ. ਡੀ. ਓ. ਨਵਨੀਤ ਜਿੰਦਲ ਦਾ ਕਹਿਣਾ ਹੈ ਕਿ ਸਾਡੇ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ, ਜਿਸ 'ਤੇ ਕਾਰਵਾਈ ਕੀਤੀ ਜਾਵੇ।  ਭਾਜਪਾ ਮਹਿਲਾ ਮੰਡਲ ਦੀ ਪ੍ਰਧਾਨ ਰਾਣੀ ਕੌਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਕੇ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।


Related News