3 ਬੱਚਿਆਂ ਦੀ ਮਾਂ ਦੇ ਪਤੀ ਨੇ ਚਾਕੂ ਨਾਲ ਕੱਟੀ ਗਰਦਨ
Saturday, Dec 09, 2017 - 05:58 AM (IST)
ਲੁਧਿਆਣਾ(ਰਿਸ਼ੀ)-ਪਤੀ ਨਾਲ ਗੁੱਸੇ ਹੋ ਕੇ ਆਪਣੇ ਪੇਕੇ ਗਈ ਔਰਤ ਦੇ ਪਤੀ ਵੱਲੋਂ ਆਪਣੇ ਸਹੁਰੇ ਘਰ ਜਾ ਕੇ ਉਸ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਕੇ ਜ਼ਖਮੀ ਕਰਨ ਦੀ ਖਬਰ ਹੈ, ਜਿਸ ਦੇ 8 ਟਾਂਕੇ ਲੱਗੇ ਹਨ। ਦੋਸ਼ੀ ਪਤੀ ਦੀ ਪਛਾਣ ਸ਼ੇਰਪੁਰ ਦੇ ਰਹਿਣ ਵਾਲੇ ਸੋਨੂੰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਈ. ਡਬਲਿਊ. ਐੱਸ. ਕਾਲੋਨੀ ਦੇ ਰਹਿਣ ਵਾਲੇ ਪੀੜਤਾ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਭੈਣ ਕੰਚਨ ਦਾ ਵਿਆਹ ਉਕਤ ਵਿਅਕਤੀ ਨਾਲ ਲਗਭਗ 7 ਸਾਲ ਪਹਿਲਾਂ ਕੀਤਾ ਸੀ। ਉਨ੍ਹਾਂ ਦੇ 3 ਬੱਚੇ ਹਨ। ਕੁੱਝ ਸਮਾਂ ਪਹਿਲਾਂ ਪਤੀ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਲੱਗ ਪਿਆ। ਇਸ ਗੱਲ ਦਾ ਪਤਾ ਲੱਗਣ 'ਤੇ ਉਹ ਆਪਣੀ ਭੈਣ ਨੂੰ ਮਾਪੇ ਘਰ ਲੈ ਆਏ। ਮੰਗਲਵਾਰ ਰਾਤ ਨੂੰ ਦੋਵੇਂ ਭਰਾ ਨਾਈਟ ਸ਼ਿਫਟ ਕਾਰਨ ਚਲੇ ਗਏ। ਘਰ 'ਚ ਮਾਂ, ਭੈਣ ਅਤੇ ਬੱਚੇ ਇਕੱਲੇ ਸਨ। ਰਾਤ ਲਗਭਗ 1.30 ਵਜੇ ਉਕਤ ਦੋਸ਼ੀ ਉਨ੍ਹਾਂ ਦੇ ਘਰ ਆਇਆ। ਜਦ ਭੈਣ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਚਾਕੂ ਨਾਲ ਉਸ ਦੀ ਗਰਦਨ 'ਤੇ ਵਾਰ ਕਰ ਕੇ ਫਰਾਰ ਹੋ ਗਿਆ। ਮਾਂ ਨੇ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਲਹੂ-ਲੁਹਾਨ ਹਾਲਤ 'ਚ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹੈੱਡ ਕਾਂਸਟੇਬਲ ਸੁਖਦੇਵ ਸਿੰਘ 'ਤੇ ਲਾਏ ਦੋਸ਼
ਜ਼ਖ਼ਮੀ ਔਰਤ ਦੇ ਭਰਾ ਨੇ ਥਾਣਾ ਡਵੀਜ਼ਨ ਨੰ. 7 ਦੇ ਹੈੱਡ ਕਾਂਸਟੇਬਲ ਸੁਖਦੇਵ ਸਿੰਘ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਦੋ ਦਿਨ ਤੋਂ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਚੱਕਰ ਕੱਟ ਰਹੇ ਹਨ ਪਰ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਸ਼ੁੱਕਰਵਾਰ ਸਵੇਰੇ ਉਹ ਥਾਣੇ ਦੇ ਬਾਹਰ ਆ ਕੇ ਖੜ੍ਹ ਗਏ ਪਰ ਜਦ ਉਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਥਾਣਾ ਇੰਚਾਰਜ ਦੇ ਸਾਹਮਣੇ ਪੇਸ਼ ਹੋਏ, ਜਿਸ ਦੇ ਬਾਅਦ ਤੁਰੰਤ ਕਾਰਵਾਈ ਕੀਤੀ ਗਈ।
