ਪਤਨੀ ਨੇ ਪਤੀ ''ਤੇ ਆਪਣੇ ਹੀ ਲੜਕੇ ਨੂੰ ਹਥਿਆਰਾਂ ਦੀ ਨੋਕ ''ਤੇ ਜ਼ਬਰਦਸਤੀ ਚੁੱਕਣ ਦੇ ਲਾਏ ਦੋਸ਼

Wednesday, Nov 29, 2017 - 03:50 AM (IST)

ਸੰਗਤ ਮੰਡੀ(ਮਨਜੀਤ)-ਪਿੰਡ ਲੂਲਬਾਈ ਵਿਖੇ ਪਤੀ ਤੋਂ ਵੱਖ ਰਹਿ ਰਹੀ ਪਤਨੀ ਨੇ ਪਤੀ 'ਤੇ ਆਪਣੇ ਹੀ ਨੌਜਵਾਨ ਲੜਕੇ ਨੂੰ ਹਥਿਆਰਾਂ ਦੀ ਨੋਕ 'ਤੇ ਜ਼ਬਰਦਸਤੀ ਚੁੱਕ ਕੇ ਲਿਜਾਣ ਦੇ ਗੰਭੀਰ ਦੋਸ਼ ਲਾਉਂਦਿਆਂ ਜ਼ਿਲਾ ਪੁਲਸ ਮੁਖੀ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ। ਕੁਲਦੀਪ ਕੌਰ ਪਤਨੀ ਜਸਵਿੰਦਰ ਸਿੰਘ ਹਾਲ ਪੁੱਤਰੀ ਅਵਤਾਰ ਸਿੰਘ ਨੇ ਜ਼ਿਲਾ ਪੁਲਸ ਮੁਖੀ ਨੂੰ ਦਰਖਾਸਤ ਦਿੱਤੀ ਹੈ ਕਿ ਉਸ ਦਾ ਪਤੀ ਜਸਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਫਾਜ਼ਲਪੁਰ ਜ਼ਿਲਾ ਅਰਮੋਹਾਂ (ਯੂ. ਪੀ.) ਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਹਰ ਰੋਜ਼ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਕੁੱਟਮਾਰ ਕਰਦੇ ਸਨ ਤੇ ਇਸ ਕਾਰਨ ਉਸ ਨੂੰ 2007 'ਚ ਘਰੋਂ ਕੱਢ ਦਿੱਤਾ। ਉਸ ਸਮੇਂ ਤੋਂ ਹੀ ਉਕਤ ਔਰਤ ਆਪਣੇ ਪੁੱਤਰ ਲਖਵਿੰਦਰ ਸਿੰਘ ਨਾਲ ਆਪਣੇ ਪੇਕੇ ਪਿੰਡ ਲੂਲਬਾਈ ਵਿਖੇ ਰਹਿ ਰਹੀ ਹੈ। ਉਕਤ ਔਰਤ ਦਾ ਆਪਣੇ ਪਤੀ ਖਿਲਾਫ਼ ਤਲਾਕ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ। ਉਸ ਨੇ ਦਰਖਾਸਤ 'ਚ ਕਿਹਾ ਕਿ ਉਹ ਬੀਤੇ ਦਿਨੀਂ ਆਪਣੀ ਭੈਣ ਕੋਲ ਗਈ ਸੀ ਤੇ ਉਸ ਦਾ ਭਰਾ ਖ਼ੇਤ ਗਿਆ ਸੀ। ਉਸ ਤੋਂ ਬਾਅਦ ਉਸ ਦਾ ਪਤੀ ਜਸਵਿੰਦਰ ਸਿੰਘ ਆਪਣੇ ਭਰਾ ਤੇ ਚਾਰ ਹੋਰ ਵਿਅਕਤੀਆਂ ਨਾਲ ਗੱਡੀ 'ਤੇ ਘਰ ਆਇਆ, ਜਿਨ੍ਹਾਂ ਕੋਲ ਰਾਈਫਲਾਂ ਤੇ ਦੂਸਰੇ ਮਾਰੂ ਹਥਿਆਰ ਸਨ। ਉਨ੍ਹਾਂ ਘਰ 'ਚ ਮੌਜੂਦ ਉਸ ਦੀ ਮਾਤਾ ਨਾਲ ਧੱਕਾ-ਮੁੱਕੀ ਕਰ ਕੇ ਉਸ ਦੇ ਲੜਕੇ ਨੂੰ ਜ਼ਬਰਦਸਤੀ ਗੱਡੀ 'ਚ ਚੁੱਕ ਕੇ ਲੈ ਗਏ। ਇਸ ਘਟਨਾ ਸਬੰਧੀ ਜਦ ਉਕਤ ਔਰਤ ਦੇ ਭਰਾ ਜਗਸੀਰ ਸਿੰਘ ਵੱਲੋਂ ਥਾਣਾ ਨੰਦਗੜ੍ਹ 'ਚ ਇਤਲਾਹ ਦਿੱਤੀ ਗਈ ਤਾਂ ਪੁਲਸ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਉਕਤ ਔਰਤ ਨੇ ਕਿਹਾ ਕਿ ਉਸ ਦਾ ਪਤੀ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ, ਜਿਸ ਨੇ ਉਸ ਦੇ ਭਰਾ ਵਿਰੁੱਧ ਵੀ ਮਾਮਲਾ ਦਰਜ ਕਰਵਾਇਆ ਹੋਇਆ ਹੈ। ਉਸ ਨੇ ਕਿਹਾ ਕਿ ਜਸਵਿੰਦਰ ਸਿੰਘ ਉਸ ਦੇ ਲੜਕੇ ਨੂੰ ਵੀ ਜਾਨੀ ਨੁਕਸਾਨ ਪਹੁੰਚਾ ਸਕਦਾ ਹੈ।
ਕੀ ਕਹਿੰਦੇ ਨੇ ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ
ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਪ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਮੌਕਾ ਵੇਖ ਕੇ ਆਏ ਹਨ। ਲੜਕਾ ਆਪਣੇ ਪਿਤਾ ਨਾਲ ਆਪਣੀ ਮਰਜ਼ੀ ਨਾਲ ਗਿਆ ਹੈ, ਕੋਈ ਜ਼ਬਰਦਸਤੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਉਕਤ ਔਰਤ ਦੇ ਪਤੀ ਨਾਲ ਤਾਲਮੇਲ ਬਣਾਇਆ ਹੋਇਆ ਹੈ, ਜਿਸ ਨਾਲ ਬੱਚਾ ਰਹਿਣਾ ਚਾਹੇਗਾ ਉਸ ਨਾਲ ਬੱਚੇ ਨੂੰ ਤੋਰ ਦਿੱਤਾ ਜਾਵੇਗਾ।


Related News