ਵਾਹਨ ਚੋਰੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ
Saturday, Nov 25, 2017 - 01:56 AM (IST)

ਅਬੋਹਰ(ਸੁਨੀਲ)—ਸਥਾਨਕ ਗੁਰੂ ਕ੍ਰਿਪਾ ਕਾਲੋਨੀ ਵਾਸੀ ਇਕ ਵਿਅਕਤੀ ਦਾ ਬੀਤੇ ਦਿਨੀਂ ਘਰ ਦੇ ਬਾਹਰੋਂ ਟਰਾਲਾ ਚੋਰੀ ਹੋ ਗਿਆ, ਥਾਣਾ ਨੰਬਰ 1. ਦੀ ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭੁਪਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਦੱਸਿਆ ਕਿ ਉਸਨੇ ਆਪਣਾ 10 ਟਾਇਰਾਂ ਵਾਲਾ ਟਰਾਲਾ 18 ਨਵੰਬਰ ਦੀ ਰਾਤ ਘਰ ਦੇ ਬਾਹਰ ਗਲੀ ਵਿਚ ਖੜਾ ਕੀਤਾ ਸੀ। ਸਵੇਰੇ ਕਰੀਬ ਸਵਾ 3 ਵਜੇ ਜਦ ਉਸਨੇ ਬਾਹਰ ਦੇਖਿਆ ਤਾਂ ਗਲੀ ਚੋਂ ਉਸਦਾ ਟਰਾਲਾ ਗਾਇਬ ਸੀ। ਉਸਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਪੁਲਸ ਨੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਨਗਰ ਥਾਣਾ ਨੰਬਰ 2. ਦੀ ਪੁਲਸ ਨੇ ਬੀਤੇ ਦਿਨੀਂ ਹੋਏ ਵਾਹਨ ਚੋਰੀ ਦੇ ਮਾਮਲਿਆਂ ਵਿਚ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਵੀਂ ਆਬਾਦੀ ਵਾਸੀ ਰਾਹੁਲ ਗਾੜੀ ਪੁੱਤਰ ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੇ ਦਿਨੀਂ ਉਸਨੇ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਖੜ੍ਹਾ ਕੀਤਾ ਸੀ ਕੁਝ ਸਮੇਂ ਬਾਅਦ ਬਾਹਰ ਆ ਕੇ ਦੇਖਿਆ ਤਾਂ ਉਸਦਾ ਮੋਟਰਸਾਈਕਲ ਉਥੋਂ ਗਾਇਬ ਸੀ। ਇਸ ਤੋਂ ਇਲਾਵਾ ਨਵੀਂ ਆਬਾਦੀ ਵਾਸੀ ਰੋਹਿਤ ਮੱਕੜ ਪੁੱਤਰ ਵਿਜੈ ਮੱਕੜ, ਬਸੰਤ ਐਵੇਨਿਊ ਵਾਸੀ ਅਜੀਤ ਪਾਲ ਅਤੇ ਨਵੀਂ ਆਬਾਦੀ ਵਾਸੀ ਅਜੈ ਕੁਮਾਰ ਪੁੱਤਰ ਦੇਵਰਾਜ ਦੀ ਵੀ ਬਾਈਕ ਘਰ ਦੇ ਅਗੋਂ ਚੋਰੀ ਹੋ ਗਈ। ਪੁਲਸ ਨੇ ਰਾਹੁਲ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।