ਗੁਪਤ ਸੂਚਨਾ ਦੇ ਆਧਾਰ ''ਤੇ ਪੁਲਸ ਨੇ ਕੀਤੀ ਛਾਪੇਮਾਰੀ 6 ਕੁਇੰਟਲ ਚੂਰਾ-ਪੋਸਤ ਬਰਾਮਦ; 4 ਦੋਸ਼ੀ ਫਰਾਰ

Saturday, Nov 11, 2017 - 01:34 AM (IST)

ਫ਼ਿਰੋਜ਼ਪੁਰ(ਕੁਮਾਰ)—ਨਸ਼ੇ ਖਿਲਾਫ ਮੁਹਿੰਮ ਚਲਾਉਂਦੇ ਥਾਣਾ ਆਰਿਫ ਕੇ ਦੀ ਪੁਲਸ ਨੇ ਐੱਸ. ਐੱਚ. ਓ. ਸਬ-ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰਿਆ ਤਾਂ 6 ਕੁਇੰਟਲ ਚੂਰਾ-ਪੋਸਤ ਬਰਾਮਦ ਕੀਤਾ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਾਮਜ਼ਦ ਚਾਰ ਵਿਅਕਤੀ ਫਰਾਰ ਹੋ ਗਏ ਹਨ ਜਿਨ੍ਹਾਂ ਖਿਲਾਫ ਪੁਲਸ ਨੇ ਥਾਣਾ ਸਦਰ ਫਿਰੋਜ਼ਪੁਰ 'ਚ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਸ਼ਾਮ ਐੱਸ. ਐੱਚ. ਓ. ਮੋਹਿਤ ਧਵਨ ਆਪਣੀ ਪੁਲਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦਿਆਂ ਆਰਿਫ ਕੇ ਤੋਂ ਕਮਾਲਾ ਮਿੱਡੂ ਆਦਿ ਪਿੰਡਾਂ ਵੱਲ ਗਸ਼ਤ 'ਤੇ ਜਾ ਰਹੇ ਸਨ ਤਾਂ ਸੂਆ ਪੁਲ ਦੇ ਕੋਲ ਮੁਖਬਰ ਖਾਸ ਨੇ ਪੁਲਸ ਨੂੰ ਗੁਪਤ ਸੂਚਨਾ ਦਿੰਦਿਆਂ ਕਿਹਾ ਕਿ ਸੁਖਦੇਵ ਸਿੰਘ ਉਰਫ ਕਾਲਾ, ਹੀਰਾ ਸਿੰਘ, ਬਲਜੀਤ ਸਿੰਘ ਅਤੇ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਜਿਨ੍ਹਾਂ ਦੀ ਪਿੰਡ ਕਮਾਲਾ ਮਿੱਡੂ ਤੋਂ ਹਾਮਦ ਚੱਕ ਵਾਲੀ ਸੜਕ 'ਤੇ ਢਾਣੀ ਹੈ ਅਤੇ ਜਿਨ੍ਹਾਂ ਦੇ ਕੋਲ ਟਰੱਕ ਵੀ ਹੈ, ਉਹ ਟਰੱਕ 'ਤੇ ਚੂਰਾ-ਪੋਸਤ ਲਿਆ ਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਜੇ ਉਨ੍ਹਾਂ ਦੇ ਘਰਾਂ ਵਿਚ ਛਾਪਾ ਮਾਰਿਆ ਜਾਵੇ ਤਾਂ ਪਸ਼ੂਆਂ ਦੇ ਚਾਰਾ ਖਾਣ ਲਈ ਬਣਾਈਆਂ ਖੁਰਲੀਆਂ ਹੇਠਾਂ ਖੁੱਡਿਆਂ ਅਤੇ ਕਮਰਿਆਂ 'ਚੋਂ ਭਾਰੀ ਮਾਤਰਾ ਵਿਚ ਚੂਰਾ-ਪੋਸਤ ਮਿਲ ਸਕਦਾ ਹੈ। ਐੱਸ. ਐੱਚ. ਓ. ਮੋਹਿਤ ਧਵਨ ਨੇ ਕਾਨੂੰਨੀ ਕਾਰਵਾਈ ਪੂਰੀ ਕਰਦਿਆਂ ਜਦੋਂ ਡੀ. ਐੱਸ. ਪੀ. ਸਬ-ਡਵੀਜ਼ਨ ਫਿਰੋਜ਼ਪੁਰ ਜਸਪਾਲ ਸਿੰਘ ਦੀ ਹਾਜ਼ਰੀ ਵਿਚ ਛਾਪਾ ਮਾਰਿਆ ਤਾਂ ਪੁਲਸ ਨੂੰ ਉਥੋਂ 40-40 ਕਿਲੋ ਵਜ਼ਨ ਦੇ 15 ਗੱਟੇ ਚੂਰਾ-ਪੋਸਤ (ਕੁੱਲ 6 ਕੁਇੰਟਲ) ਮਿਲੇ। ਸੁਖਦੇਵ ਸਿੰਘ ਉਰਫ ਕਾਲਾ, ਹੀਰਾ ਸਿੰਘ, ਬਲਜੀਤ ਸਿੰਘ ਅਤੇ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ। 


Related News