ਮਾਰਕੀਟ ਫੀਸ ਚੋਰੀ ਕਰਨ ''ਤੇ ਛਾਪਾ ਮਾਰ ਕੇ ਠੋਕਿਆ ਜੁਰਮਾਨਾ
Sunday, Nov 05, 2017 - 03:30 AM (IST)
ਮਾਰਕੀਟ ਕਮੇਟੀ ਨੂੰ ਚੂਨਾ ਲਾਉਣਾ 3900 ਰੁਪਏ 'ਚ ਪਿਆ
ਜਗਰਾਓਂ(ਜਸਬੀਰ ਸ਼ੇਤਰਾ)–ਝੋਨੇ ਦੇ ਸੀਜ਼ਨ 'ਚ ਝੋਨੇ ਤੋਂ ਇਲਾਵਾ ਨਵੀਂ ਦਾਣਾ ਮੰਡੀ ਦੇ ਅੰਦਰ ਹੀ ਸਥਿਤ ਸਬਜ਼ੀ ਮੰਡੀ 'ਚ ਸਬਜ਼ੀ ਦੇ ਕੰਮ ਵਿਚ ਵੀ ਮਾਰਕੀਟ ਫੀਸ ਚੋਰੀ ਹੋਣ ਦੀ ਚਰਚਾ ਤਾਂ ਅਕਸਰ ਚੱਲਦੀ ਹੈ ਪਰ ਅੱਜ ਛਾਪਾ ਮਾਰ ਕੇ ਇਕ ਸਬਜ਼ੀ ਵਿਕਰੇਤਾ ਨੂੰ ਬਾਕਾਇਦਾ ਮਾਰਕੀਟ ਫੀਸ ਦੀ ਚੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ। ਮਾਰਕੀਟ ਫੀਸ ਦੀ ਇਹ ਚੋਰੀ ਪੁਰਾਣੀ ਸਬਜ਼ੀ ਮੰਡੀ ਵਿਚ ਫੜੀ ਗਈ ਅਤੇ ਅਜਿਹਾ ਕਰਨ ਵਾਲੇ ਨੂੰ 'ਸੌਦਾ' ਕਾਫੀ ਮਹਿੰਗਾ ਪਿਆ ਕਿਉਂਕਿ ਮਾਰਕੀਟ ਕਮੇਟੀ ਨੂੰ ਚੂਨਾ ਲਾਉਣ ਬਦਲੇ ਉਸ ਨੂੰ 3900 ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਮਾਰਕੀਟ ਕਮੇਟੀ ਸੈਕਟਰੀ ਜਸਮੀਤ ਸਿੰਘ ਬਰਾੜ ਨੇ ਹੋਰਨਾਂ ਵਪਾਰੀਆਂ, ਆੜ੍ਹਤੀਆਂ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਨਾਲ ਹੀ ਤਾੜਨਾ ਕਰ ਦਿੱਤੀ ਹੈ ਕਿ ਭਵਿੱਖ ਵਿਚ ਜੇਕਰ ਕੋਈ ਮਾਰਕੀਟ ਫੀਸ ਦੀ ਚੋਰੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੇ ਨਾਲ-ਨਾਲ ਸਾਮਾਨ ਵੀ ਜ਼ਬਤ ਕਰ ਲਿਆ ਜਾਵੇਗਾ। ਵੇਰਵਿਆਂ ਅਨੁਸਾਰ ਪੁਰਾਣੀ ਸਬਜ਼ੀ ਮੰਡੀ ਜਗਰਾਓਂ ਵਿਖੇ ਸਬਜ਼ੀ ਦੀ ਭਰੀ ਗੱਡੀ ਮਾਰਕੀਟ ਫੀਸ ਚੋਰੀ ਕਰਕੇ ਸਿੱਧੀ ਵੇਚੀ ਜਾ ਰਹੀ ਸੀ। ਮਾਮਲਾ ਸੁਪਰਵਾਈਜ਼ਰ ਅਵਤਾਰ ਸਿੰਘ ਦੇ ਧਿਆਨ 'ਚ ਆਉਣ 'ਤੇ ਉਨ੍ਹਾਂ ਦੀਆਂ ਹਦਾਇਤਾਂ 'ਤੇ ਮਾਰਕੀਟ ਕਮੇਟੀ ਵੱਲੋਂ ਕੀਮਤੀ ਲਾਲ ਦੀ ਅਗਵਾਈ ਵਿਚ ਮੌਕੇ 'ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ 5 ਗੱਟੇ ਮਟਰ, 10 ਬੋਰੀ ਪਿਆਜ਼, 1 ਡੱਬਾ ਸ਼ਿਮਲਾ ਮਿਰਚ, 2 ਬੋਰੀ ਗਾਜਰ, 1 ਬੋਰੀ ਨਿੰਬੂ ਅਤੇ ਹੋਰ ਸਾਮਾਨ ਮਾਰਕੀਟ ਫੀਸ ਚੋਰੀ ਕਰਕੇ ਵੇਚਿਆ ਜਾਂਦਾ ਪਾਇਆ ਗਿਆ। ਕੀਮਤੀ ਲਾਲ ਨੇ ਪੁਸ਼ਟੀ ਕੀਤੀ ਕਿ ਫੀਸ ਚੋਰੀ ਕਰਕੇ ਵੇਚੀ ਜਾ ਰਹੀ ਸਬਜ਼ੀ 'ਤੇ ਬਣਦੀ ਮਾਰਕੀਟ ਫੀਸ 2600 ਰੁਪਏ ਦੇ ਨਾਲ ਜੁਰਮਾਨਾ ਪਾ ਕੇ 3900 ਰੁਪਏ ਮਾਰਕੀਟ ਕਮੇਟੀ ਨੇ ਵਸੂਲ ਲਏ ਹਨ। ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਅਵਤਾਰ ਸਿੰਘ ਨੇ ਦੱਸਿਆ ਕਿ ਮਾਧਵ ਨਾਮੀ ਵਿਅਕਤੀ ਤੋਂ ਬਿਨਾਂ ਮਾਰਕੀਟ ਫੀਸ ਵਾਲਾ ਉਕਤ ਸਾਮਾਨ ਫੜਿਆ ਗਿਆ। ਇਸ 'ਤੇ ਉਸ ਨੂੰ 1300 ਰੁਪਏ ਮਾਰਕੀਟ ਫੀਸ, 1300 ਰੁਪਏ ਦਿਹਾਤੀ ਵਿਕਾਸ ਫੰਡ ਅਤੇ 1300 ਰੁਪਏ ਜੁਰਮਾਨੇ ਦੇ ਵਸੂਲੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਬੰਧਤ ਵਿਅਕਤੀਆਂ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਅਗਲੀ ਵਾਰ ਚੋਰੀ ਫੜੇ ਜਾਣ 'ਤੇ ਸਾਮਾਨ ਜ਼ਬਤ ਕਰ ਲਿਆ ਜਾਵੇਗਾ। ਚੇਤੇ ਰਹੇ ਕਿ ਜਗਰਾਓਂ ਮਾਰਕੀਟ ਕਮੇਟੀ ਦੀ ਫੀਸ ਵਸੂਲੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ, ਜਿਸ ਕਾਰਨ ਅਮਲਾ ਹੁਣ ਹਰਕਤ 'ਚ ਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਗਰਾਓਂ 'ਚ ਰੋਜ਼ਾਨਾ ਲੱਖਾਂ ਰੁਪਏ ਦੀ ਸਬਜ਼ੀ ਮਾਰਕੀਟ ਫੀਸ ਚੋਰੀ ਕਰਕੇ ਵੇਚੀ ਜਾਂਦੀ ਹੈ।
