ਨਸ਼ੇੜੀਆਂ ਦੇ ਅੱਡੇ ''ਤੇ ਲੋਕਾਂ ਦਾ ਛਾਪਾ! ਰੰਗੇ ਹੱਥੀਂ ਫੜੇ ਨਸ਼ੇ ਦੇ ਸੌਦਾਗਰ

Tuesday, Apr 07, 2026 - 06:53 PM (IST)

ਨਸ਼ੇੜੀਆਂ ਦੇ ਅੱਡੇ ''ਤੇ ਲੋਕਾਂ ਦਾ ਛਾਪਾ! ਰੰਗੇ ਹੱਥੀਂ ਫੜੇ ਨਸ਼ੇ ਦੇ ਸੌਦਾਗਰ

ਲੁਧਿਆਣਾ (ਰਾਜ): ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਖਿਲਾਫ ਹੁਣ ਜਨਤਾ ਦਾ ਗੁੱਸਾ ਫੁੱਟਣ ਲੱਗਾ ਹੈ। ਥਾਣਾ ਟਿੱਬਾ ਦੇ ਅਧੀਨ ਆਉਂਦੀ ਸੰਧੂ ਕਾਲੋਨੀ ਵਿਚ ਸੋਮਵਾਰ ਦੇਰ ਰਾਤ ਜਦੋਂ ਮੁੱਹਲੇ ਦੇ ਲੋਕਾਂ ਨੇ ਪੁਲਸ ਦੀ ਕਾਰਵਾਈ ਦਾ ਇੰਤਜ਼ਾਰ ਕਰਨ ਦੀ ਬਜਾਏ ਖੁਦ ਹੀ ਕਮਾਨ ਸੰਭਾਲ ਲਈ। ਇਲਾਕੇ ਵਿਚ ਸਥਿਤ ਇਕ ਸੁੰਨਸਾਨ ਖੰਡਰ, ਜੋ ਲੰਬੇ ਸਮੇਂ ਤੋਂ ਨਸ਼ੇੜੀਆਂ ਦੀ ਮਹਿਫ਼ਲ ਦਾ ਕੇਂਦਰ ਬਣਿਆ ਹੋਇਆ ਸੀ, ਉੱਥੇ ਪਬਲਿਕ ਨੇ 'ਰੇਡ' ਕਰ ਦਿੱਤੀ। ਇਸ ਦੌਰਾਨ ਦੋ ਨੌਜਵਾਨਾਂ ਨੂੰ ਨਸ਼ੇ ਦੇ ਇੰਜੈਕਸ਼ਨ ਅਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੇ ਨਾਲ ਰੰਗੇ ਹੱਥੀਂ ਫੜਿਆ ਗਿਆ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਮੁੱਹਲੇ ਦੇ ਲੋਕ ਖੰਡਰ ਦੇ ਅੰਦਰ ਦਾਖਲ ਹੋਏ, ਤਾਂ ਮੰਜ਼ਰ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਸੀ। ਦੋਵੇਂ ਮੁਲਜ਼ਮ ਇਕ-ਦੂਜੇ ਦੀਆਂ ਨਸਾਂ ਵਿਚ ਨਸ਼ੇ ਦੇ ਇੰਜੈਕਸ਼ਨ ਉਤਾਰ ਰਹੇ ਸੀ। ਜਿਵੇਂ ਹੀ ਲੋਕਾਂ ਨੇ ਮੋਬਾਈਲ ਫੋਨ ਨਾਲ ਵੀਡੀਓ ਬਣਾਉਣੀ ਸ਼ੁਰੂ ਕੀਤੀ, ਤਾਂ 'ਮੌਤ ਦਾ ਸਾਮਾਨ' ਵੰਡਣ ਵਾਲੇ ਇਹ ਨੌਜਵਾਨ ਆਪਣਾ ਚਿਹਰਾ ਛੁਪਾਉਣ ਲੱਗੇ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਥੈਲੇ ਅਤੇ ਜੇਬਾਂ ਵਿਚੋਂ ਨਸ਼ੇ ਦੇ ਪੈਕਟ, ਸਿਲਵਰ ਪੇਪਰ ਅਤੇ ਸਰਿੰਜਾਂ ਬਰਾਮਦ ਹੋਈਆਂ। ਹਾਲਾਂਕਿ, ਫੜੇ ਜਾਣ ਤੋਂ ਬਾਅਦ ਮੁਲਜ਼ਮਾਂ ਨੇ ਬੜੀ ਚਲਾਕੀ ਨਾਲ ਨਸ਼ੇ ਦੇ ਥੈਲੇ ਨੂੰ ਲਾਵਾਰਿਸ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਪਬਲਿਕ ਦੀ ਪੈਨੀ ਨਜ਼ਰ ਦੇ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ। 

ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਸ ਸਬੰਧੀ ਕਈ ਵਾਰ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ, ਪਰ ਪੁਲਸ ਵੱਲੋਂ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਪੁਲਸ ਦੀ ਇਸੇ ਸੁਸਤੀ ਤੋਂ ਪਰੇਸ਼ਾਨ ਹੋ ਕੇ ਆਖਰ ਮੁੱਹਲੇ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਖੁਦ ਟ੍ਰੈਪ ਲਗਾਇਆ। ਸੋਮਵਾਰ ਰਾਤ ਜਿਵੇਂ ਹੀ ਇਹ ਦੋਵੇਂ ਸ਼ੱਕੀ ਖੰਡਰ ਵਿਚ ਦਾਖਲ ਹੋਏ, ਲੋਕਾਂ ਨੇ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਦਬੋਚ ਲਿਆ ਅਤੇ ਬਾਅਦ ਵਿਚ ਸਾਮਾਨ ਸਮੇਤ ਥਾਣਾ ਟਿੱਬਾ ਪੁਲਸ ਦੇ ਹਵਾਲੇ ਕਰ ਦਿੱਤਾ। ਮੁੱਹਲੇ ਦੇ ਲੋਕਾਂ ਨੇ ਦੋ-ਟੂਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੁਣ ਵੀ ਪੁਲਸ ਨੇ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ, ਤਾਂ ਉਹ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਦਰਬਾਰ ਵਿਚ ਲੈ ਜਾਣਗੇ। ਫਿਲਹਾਲ ਥਾਣਾ ਟਿੱਬਾ ਦੀ ਪੁਲਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News