ਅਹਾਤੇ ''ਚ ਸ਼ਰਾਬ ਪਿਲਾਉਣ ਤੋਂ ਇਨਕਾਰ ਕਰਨ ''ਤੇ ਕੀਤੀ ਭੰਨਤੋੜ ਤੇ ਕੁੱਟਮਾਰ
Thursday, Oct 26, 2017 - 02:08 AM (IST)
ਧੂਰੀ(ਸੰਜੀਵ ਜੈਨ)-ਇਕ ਅਹਾਤਾ ਚਾਲਕ ਵੱਲੋਂ ਸਮੇਂ ਦੀ ਪਾਬੰਦੀ ਕਾਰਨ ਕੁਝ ਵਿਅਕਤੀਆਂ ਨੂੰ ਸ਼ਰਾਬ ਪਿਲਾਉਣ ਤੋਂ ਇਨਕਾਰ ਕਰਨਾ ਉਦੋਂ ਮਹਿੰਗਾ ਪਿਆ ਜਦ ਉਕਤ ਵਿਅਕਤੀਆਂ ਵੱਲੋਂ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਨਾ ਸਿਰਫ ਅਹਾਤਾ ਚਾਲਕ ਨਾਲ ਕੁੱਟਮਾਰ ਕੀਤੀ, ਸਗੋਂ ਅਹਾਤੇ ਦੀ ਵੀ ਭੰਨਤੋੜ ਕਰਦੇ ਹੋਏ ਖਾਸਾ ਨੁਕਸਾਨ ਕੀਤਾ ਹੈ। ਜਾਣਕਾਰੀ ਮੁਤਾਬਕ ਪੀੜਤ ਕੇਸਰ ਸਿੰਘ ਵਾਸੀ ਧੂਰੀ ਮਾਲੇਰਕੋਟਲਾ ਬਾਈਪਾਸ 'ਤੇ ਸਰਕਾਰੀ ਅਹਾਤਾ ਚਲਾਉਣ ਦਾ ਕੰਮ ਕਰਦਾ ਹੈ। ਬੀਤੇ ਦਿਨੀਂ ਉਸ ਦੇ ਅਹਾਤੇ 'ਤੇ ਰਾਤ ਨੂੰ ਕਰੀਬ 10 ਵਜੇ ਦੋਸ਼ੀ ਮੁਹੰਮਦ ਯਾਮੀਨ ਉਰਫ ਖਾਨ, ਫਿਰੋਜ਼ ਖਾਂ ਉਰਫ ਮਾਹੀ, ਸੁਹਬਾਨ ਖਾਂ ਉਰਫ ਲਾਡੀ ਅਤੇ ਬੌਬੀ ਖਾਂ ਵਗੈਰਾ ਸ਼ਰਾਬ ਪੀਣ ਲਈ ਆਏ ਸੀ ਜਿਸ 'ਤੇ ਕੇਸਰ ਸਿੰਘ ਵੱਲੋਂ ਸਮੇਂ ਦੀ ਪਾਬੰਦੀ ਕਾਰਨ ਇਨਕਾਰ ਕਰਨ 'ਤੇ ਇਨ੍ਹਾਂ ਦੋਸ਼ੀਆਂ ਨੇ ਆਪਣੇ 15-20 ਹੋਰ ਸਾਥੀਆਂ ਨੂੰ ਵੀ ਉਥੇ ਬੁਲਾ ਲਿਆ। ਇਨ੍ਹਾਂ ਦੋਸ਼ੀਆਂ ਨੇ ਅਹਾਤੇ ਦੀ ਭੰਨਤੋੜ ਕਰ ਕੇ ਸਾਮਾਨ ਦਾ ਨੁਕਸਾਨ ਕਰਨ ਦੇ ਨਾਲ-ਨਾਲ ਉਸ ਨਾਲ ਵੀ ਕੁੱਟਮਾਰ ਕੀਤੀ । ਪੁਲਸ ਵੱਲੋਂ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਖਬਰ ਭੇਜੇ ਜਾਣ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਸੀ।
