ਭਤੀਜੇ ''ਤੇ ਲਾਇਆ 50 ਲੱਖ ਦੀ ਕੀਮਤ ਦੇ ਗਹਿਣੇ ਚੋਰੀ ਕਰਨ ਦਾ ਦੋਸ਼
Tuesday, Oct 03, 2017 - 04:50 AM (IST)

ਲੁਧਿਆਣਾ(ਤਰੁਣ)-ਥਾਣਾ ਡਵੀਜ਼ਨ ਨੰ. 3 ਦੇ ਅਧੀਨ ਆਉਂਦੇ ਖੇਤਰ ਟਰੰਕ ਵਾਲਾ ਬਾਜ਼ਾਰ ਦੇ ਨੇੜੇ ਰਹਿਣ ਵਾਲੇ ਹਨੀ ਜੈਨ ਨਾਮਕ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਤੀਜੇ 'ਤੇ 50 ਲੱਖ ਦੇ ਗਹਿਣੇ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਕਰੀਬ ਇਕ ਹਫਤੇ ਬਾਅਦ ਲੱਗਿਆ, ਜਦ ਵਿਆਹ 'ਚ ਜਾਣ ਲਈ ਗਹਿਣੇ ਨਾ ਮਿਲਣ 'ਤੇ ਸ਼ਿਕਾਇਤਕਰਤਾ ਦੀ ਪਤਨੀ ਨੇ ਗਹਿਣੇ ਚੋਰੀ ਹੋਣ ਦੀ ਸੂਚਨਾ ਇਲਾਕਾ ਪੁਲਸ ਨੂੰ ਦਿੱਤੀ, ਜਿਸ ਦੇ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਹਨੀ ਜੈਨ ਨੇ ਦੱਸਿਆ ਕਿ ਉਸ ਦੀ ਏ. ਸੀ. ਮਾਰਕੀਟ ਸਥਿਤ ਰੈਡੀਮੇਡ ਕੱਪੜੇ ਦੀ ਦੁਕਾਨ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕਥਿਤ ਦੋਸ਼ੀ ਉਸ ਦਾ ਸਕਾ ਭਤੀਜਾ ਹੈ। ਉਹ ਪਰਿਵਾਰ ਦੇ ਨਾਲ ਹੀ ਇਕ ਘਰ 'ਚ ਰਹਿੰਦਾ ਹੈ। ਉਸ ਦੇ ਮਾਤਾ-ਪਿਤਾ ਗਰਾਊਂਡ ਫਲੌਰ 'ਤੇ ਜਦ ਕਿ ਉਸ ਦਾ ਵੱਡਾ ਭਰਾ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਪਹਿਲੀ ਮੰਜ਼ਿਲ 'ਤੇ ਰਹਿੰਦਾ ਹੈ। ਉਸਦਾ ਭਤੀਜਾ ਬੁਰੀ ਸੰਗਤ 'ਚ ਪੈ ਗਿਆ, ਜਿਸ ਕਾਰਨ ਗਲਤ ਕੰਮ ਕਰਨ ਲੱਗ ਪਿਆ। ਦੂਜੇ ਨਰਾਤੇ ਦੇ ਦਿਨ ਉਹ ਆਪਣੇ ਪਰਿਵਾਰ ਦੇ ਨਾਲ ਬਾਹਰ ਗਿਆ ਸੀ। ਇਸ ਦੌਰਾਨ ਉਸਦੇ ਭਤੀਜੇ ਨੇ ਅਲਮਾਰੀ ਅਤੇ ਸੂਟਕੇਸ 'ਚ ਰੱਖੇ ਕਰੀਬ 50 ਲੱਖ ਦੇ ਗਹਿਣੇ ਚੋਰੀ ਕਰ ਲਏ। ਚੋਰੀ ਹੋਏ ਗਹਿਣਿਆਂ 'ਚ ਜ਼ਿਆਦਾਤਰ ਉਨ੍ਹਾਂ ਦੇ ਖਾਨਦਾਨੀ ਗਹਿਣੇ ਸਨ। ਹਨੀ ਨੇ ਦੋਸ਼ ਲਾਇਆ ਕਿ ਪੁਲਸ ਮਾਮਲੇ 'ਚ ਢਿੱਲ ਵਰਤ ਰਹੀ ਹੈ ਪਰਿਵਾਰਕ ਮਾਮਲਾ ਹੋਣ ਦੇ ਕਾਰਨ ਪੁਲਸ ਕੇਸ ਨੂੰ ਆਪਸੀ ਰਜ਼ਾਮੰਦੀ ਨਾਲ ਹੱਲ ਕਰਨ ਦਾ ਦਬਾਅ ਬਣਾ ਰਹੀ ਹੈ। ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਦੋਸ਼ੀ ਮੋਹਿਤ ਨਾਬਾਲਿਗ ਹੈ। ਚਾਚੇ ਦੇ ਬਿਆਨ 'ਤੇ ਚੋਰੀ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਜਾਂਚ ਜਾਰੀ ਹੈ। ਮੋਹਿਤ 'ਤੇ ਪਹਿਲਾਂ ਵੀ ਕੁੱਟਮਾਰ ਦੇ ਦੋਸ਼ 'ਚ ਕੇਸ ਦਰਜ ਹੈ। ਫਿਲਹਾਲ ਮੋਹਿਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ।