ਰੇਤਾ ਚੋਰੀ ਕਰਨ ਵਾਲੇ ਮਗਰਮੱਛ ਛੱਡ ਕੇ ਟਰੈਕਟਰ-ਟਰਾਲੀ ਚਾਲਕਾਂ ''ਤੇ ਚੱਲਿਆ ਪੁਲਸ ਦਾ ਡੰਡਾ

Saturday, Sep 09, 2017 - 03:25 AM (IST)

ਲੁਧਿਆਣਾ(ਰਾਮ)-ਰੇਤੇ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਤੋਂ ਬੇਵੱਸ ਹੋਈ ਪੁਲਸ ਨੇ ਆਖਿਰ ਆਪਣਾ ਨੱਕ ਬਚਾਉਣ ਲਈ ਛੋਟੀਆਂ-ਛੋਟੀਆਂ ਟਰੈਕਟਰ-ਟਰਾਲੀਆਂ ਨਾਲ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਕਮਾਉਣ ਵਾਲੇ ਚਾਲਕਾਂ 'ਤੇ ਕਾਰਵਾਈ ਕਰਦੇ ਹੋਏ ਮਾਈਨਿੰਗ ਤਹਿਤ ਵੱਡੀ ਸਫਲਤਾ ਹਾਸਲ ਕਰਨ ਦਾ ਦਮ ਭਰਿਆ ਹੈ, ਜਿਸ ਦੇ ਤਹਿਤ ਥਾਣਾ ਜਮਾਲਪੁਰ ਦੀ ਪੁਲਸ ਨੇ 8 ਟਰੈਕਟਰ-ਟਰਾਲੀ ਚਾਲਕਾਂ ਦੇ ਖਿਲਾਫ ਮਾਈਨਿੰਗ ਅਤੇ ਰੇਤ ਚੋਰੀ ਦਾ ਮੁਕੱਦਮਾ ਦਰਜ ਕੀਤਾ ਹੈ।  ਰੇਤੇ ਦੀ ਚੋਰੀ ਕਰਨ ਵਾਲੇ ਵੱਡੇ ਮਗਰਮੱਛਾਂ ਤੋਂ ਪ੍ਰੇਸ਼ਾਨ ਹੋਈ ਪੁਲਸ ਨੇ ਆਪਣੀ ਸਾਰੀ ਖੁੰਦਕ ਇਨ੍ਹਾਂ ਟ੍ਰੈਕਟਰ-ਟਰਾਲੀ ਚਾਲਕਾਂ 'ਤੇ ਕੱਢੀ ਹੈ, ਜੋ ਸਰਕਾਰੀ ਖੱਡਾਂ ਤੋਂ ਆਇਆ ਰੇਤਾ ਖਰੀਦ ਕੇ ਅੱਗੇ ਛੋਟੇ-ਛੋਟੇ ਟੋਟਿਆਂ 'ਚ ਲੋੜਵੰਦ ਲੋਕਾਂ ਨੂੰ ਸਪਲਾਈ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜਮਾਲਪੁਰ ਪੁਲਸ ਨੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਖਿਚਾਈ ਦੇ ਬਾਅਦ ਆਪਣੀ ਸ਼ਾਖ ਨੂੰ ਬਚਾਉਣ ਲਈ ਜਮਾਲਪੁਰ ਵਿਖੇ ਹੀ ਲੱਗਣ ਵਾਲੀ ਰੇਤੇ ਦੀ ਇਕ ਮੰਡੀ 'ਚ ਖੜ੍ਹੇ ਹੋਏ ਟਰੈਕਟਰ-ਟਰਾਲੀ ਚਾਲਕਾਂ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਦੇ ਖਿਲਾਫ ਮਾਈਨਿੰਗ ਅਤੇ ਚੋਰੀ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੇ ਟਰੈਕਟਰ-ਟਰਾਲੀ ਕਬਜ਼ੇ 'ਚ ਲੈ ਲਏ ਪਰ ਇਸ ਦੌਰਾਨ ਭਾਵੇਂ ਉਕਤ ਚਾਲਕਾਂ ਨੇ ਥਾਣਾ ਪੁਲਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਇਹ ਰੇਤਾ ਸਥਾਨਕ ਖੱਡਾਂ ਤੋਂ ਚੋਰੀ ਕਰਨ ਦੀ ਬਜਾਏ ਸਰਕਾਰੀ ਖੱਡਾਂ ਤੋਂ ਭਰ ਕੇ ਆਏ ਟਿੱਪਰ ਚਾਲਕਾਂ ਪਾਸੋਂ ਖਰੀਦ ਕਰ ਕੇ ਅੱਗੇ ਵੇਚਿਆ ਹੈ ਪਰ ਪੁਲਸ ਨੇ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਪਾਸ ਕੋਈ ਵੀ ਇਸ ਤਰ੍ਹਾਂ ਦਾ ਅਧਿਕਾਰ ਹੋਣ ਦੀ ਗੱਲ ਕਹਿਕੇ ਮੁਕੱਦਮਾ ਦਰਜ ਕਰ ਦਿੱਤਾ। 
ਸਰਕਾਰੀ ਅਧਿਕਾਰ ਨਾ ਹੋਣ ਕਾਰਨ ਕੀਤਾ ਮਾਮਲਾ ਦਰਜ  
ਇਸ ਸਬੰਧ 'ਚ ਏ. ਡੀ. ਸੀ. ਪੀ.-4 ਜਸਦੇਵ ਸਿੰਘ ਸਿੱਧੂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਇਕੋ ਬੋਲੀ ਬੋਲਦੇ ਹੋਏ ਕਿਹਾ ਕਿ ਉਕਤ ਟਰੈਕਟਰ-ਟਰਾਲੀ ਚਾਲਕਾਂ ਕੋਲ ਇਸ ਤਰ੍ਹਾਂ ਰੇਤਾ ਸਪਲਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਾਰਨ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। 
ਸਰਕਾਰੀ ਖੱਡ ਤੋਂ ਆਇਆ ਰੇਤਾ, ਫਿਰ ਚੋਰੀ ਕਿਵੇਂ ਹੋਈ  
ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣੀਆਂ ਜੇਬਾਂ 'ਚੋਂ ਪੈਸੇ ਖਰਚ ਕਰ ਕੇ ਜ਼ੀਰਾ, ਫਿਰੋਜ਼ਪੁਰ ਦੀਆਂ ਸਰਕਾਰੀ ਖੱਡਾਂ ਤੋਂ ਭਰਕੇ ਆਏ ਟਿੱਪਰ ਚਾਲਕਾਂ ਪਾਸੋਂ ਰੇਤਾ ਖਰੀਦ ਕਰ ਕੇ ਅੱਗੇ ਵੇਚਣ ਵਾਲੇ ਚਾਲਕਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਨਾਜਾਇਜ਼ ਚੱਲ ਰਹੀ ਸਥਾਨਕ ਖੱਡ 'ਚੋਂ ਰੇਤਾ ਚੋਰੀ ਨਹੀਂ ਕੀਤਾ ਬਲਕਿ ਉਨ੍ਹਾਂ ਨੇ ਸਰਕਾਰੀ ਖੱਡਾਂ 'ਚੋਂ ਭਰਕੇ ਆਏ ਟਿੱਪਰ ਚਾਲਕਾਂ ਪਾਸੋਂ ਰੇਤੇ ਦੀ ਖਰੀਦ ਕੀਤੀ ਹੈ, ਜਿਸ ਦਾ ਸਬੂਤ ਉਨ੍ਹਾਂ ਪਾਸ ਮੌਜੂਦ ਟਿੱਪਰ ਚਾਲਕਾਂ ਵੱਲੋਂ ਦਿੱਤੀ ਗਈ ਪਰਚੀ ਹੈ। ਫਿਰ ਉਨ੍ਹਾਂ ਦੇ ਖਿਲਾਫ ਪੁਲਸ ਨੇ ਰੇਤੇ ਦੀ ਚੋਰੀ ਦੀ ਧਾਰਾ ਕਿਵੇਂ ਦਰਜ ਕਰ ਦਿੱਤੀ। ਚਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਕਾਨੂੰਨ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਐਨਾ ਜ਼ਰੂਰ ਪਤਾ ਹੈ ਕਿ ਉਨ੍ਹਾਂ ਨੇ ਰੇਤਾ ਚੋਰੀ ਨਹੀਂ ਕੀਤਾ, ਬਲਕਿ ਖਰੀਦ ਕੀਤਾ ਹੈ, ਜਿਸ ਸਬੰਧੀ ਉਹ ਮਾਣਯੋਗ ਹਾਈਕੋਰਟ 'ਚ ਵੀ ਆਪਣੀ ਗੁਹਾਰ ਲਾਉਣਗੇ। 
ਜ਼ੀਰੇ ਤੋਂ ਚੱਲੇ ਟਿੱਪਰ ਕਿਵੇਂ ਪਹੁੰਚਦੇ ਨੇ ਲੁਧਿਆਣੇ 
ਓਧਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਜਿਸ ਜਗ੍ਹਾ 'ਤੇ ਸਰਕਾਰੀ ਖੱਡ ਚੱਲ ਰਹੀ ਹੈ। ਕੋਈ ਵੀ ਵਹੀਕਲ ਰੇਤੇ ਦੀ ਸਪਲਾਈ ਉਥੇ ਹੀ ਲੋਕਲ ਪੱਧਰ 'ਤੇ ਕਰ ਸਕਦਾ ਹੈ ਪਰ ਇਸ ਦੇ ਬਾਵਜੂਦ ਵੀ ਜ਼ੀਰਾ ਅਤੇ ਫਿਰੋਜ਼ਪੁਰ 'ਚ ਚੱਲ ਰਹੀਆਂ ਰੇਤੇ ਦੀਆਂ ਸਰਕਾਰੀ ਖੱਡਾਂ ਤੋਂ ਟਿੱਪਰ ਭਰਕੇ ਲੁਧਿਆਣਾ ਪਹੁੰਚ ਰਹੇ ਹਨ, ਜਿਨ੍ਹਾਂ ਦੀ ਪੁੱਛ ਪ੍ਰਤੀਤ ਕਰਨ ਵਾਲਾ ਨਾ ਤਾਂ ਕੋਈ ਉੱਚ ਪੁਲਸ ਅਧਿਕਾਰੀ ਹੈ ਅਤੇ ਨਾ ਹੀ ਕੋਈ ਇੰਸਪੈਕਟਰ ਰੈਂਕ ਦਾ ਅਧਿਕਾਰੀ ਹੈ। ਜਦੋਂ ਉਹ ਟਿੱਪਰ ਚਾਲਕ ਰੇਤੇ ਦੀ ਸਪਲਾਈ ਕਰਦੇ ਨਿਕਲ ਜਾਂਦੇ ਹਨ ਤਾਂ ਕਾਰਵਾਈ ਲਈ ਟ੍ਰੈਕਟਰ-ਟਰਾਲੀ ਚਾਲਕ ਹੀ ਪੁਲਸ ਦੀ ਪਹੁੰਚ 'ਚ ਰਹਿ ਜਾਂਦੇ ਹਨ, ਜਿਸ ਨਾਲ ਪੁਲਸ ਦੀ ਕਾਰਗੁਜ਼ਾਰੀ ਸਾਹਮਣੇ ਆਪਣੇ ਆਪ ਆ ਜਾਂਦੀ ਹੈ। 


Related News