ਲੁੱਟਾਂ-ਖੋਹਾਂ ਕਰਨ ਵਾਲੇ 3 ਬਦਮਾਸ਼ ਚੜ੍ਹੇ ਪੁਲਸ ਅੜਿੱਕੇ, ਮੋਬਾਈਲ ਤੇ ਮੋਟਰਸਾਈਕਲ ਬਰਾਮਦ

Thursday, Jan 01, 2026 - 06:58 PM (IST)

ਲੁੱਟਾਂ-ਖੋਹਾਂ ਕਰਨ ਵਾਲੇ 3 ਬਦਮਾਸ਼ ਚੜ੍ਹੇ ਪੁਲਸ ਅੜਿੱਕੇ, ਮੋਬਾਈਲ ਤੇ ਮੋਟਰਸਾਈਕਲ ਬਰਾਮਦ

ਲੁਧਿਆਣਾ (ਤਰੁਣ): ਦਰੇਸੀ ਥਾਣੇ ਦੀ ਪੁਲਸ ਨੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਦੋ ਮੋਬਾਈਲ ਫੋਨ, ਇਕ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਗੈਂਗ ਲੀਡਰ ਰਵਿੰਦਰ ਸਿੰਘ ਉਰਫ਼ ਰਾਜੂ ਵਾਸੀ ਅਟਲ ਨਗਰ, ਦਲਬੀਰ ਸਿੰਘ ਉਰਫ਼ ਗੋਲਡੀ ਵਾਸੀ ਕੁਲਦੀਪ ਨਗਰ ਅਤੇ ਗੁਰਪ੍ਰੀਤ ਸਿੰਘ ਉਰਫ਼ ਰਾਜਾ, ਵਾਸੀ ਮੁਹੱਲਾ ਮਨੀ ਸਿੰਘ ਬਸਤੀ, ਜੋਧੇਵਾਲ ਵਜੋਂ ਹੋਈ ਹੈ।

ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸੁੰਦਰ ਨਗਰ, ਗੰਦਾ ਨਾਲਾ ਪੁਲੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮ ਰਹੇ ਸਨ। ਨਾਕਾਬੰਦੀ ਦੌਰਾਨ ਪੁਲਸ ਨੇ ਮੁਲਜ਼ਮਾਂ ਦੀ ਸਾਈਕਲ ਰੋਕੀ ਅਤੇ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਹੈ। ਤਲਾਸ਼ੀ ਦੌਰਾਨ ਅਪਰਾਧੀਆਂ ਤੋਂ ਲੁੱਟਾਂ-ਖੋਹਾਂ ਵਿਚ ਵਰਤੇ ਗਏ 2 ਮੋਬਾਈਲ ਫੋਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਪੁਲਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਮੌਜੂਦਾ ਜਾਂਚ ਵਿਚ ਪਤਾ ਲੱਗਾ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਲੁੱਟਾਂ-ਖੋਹਾਂ ਦੀਆਂ 15 ਤੋਂ ਵੱਧ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ।

ਰਾਜੂ ਖ਼ਿਲਾਫ਼ ਚਿੱਟੇ ਦੇ 5 ਕੇਸ ਦਰਜ

ਰਵਿੰਦਰ ਉਰਫ਼ ਰਾਜੂ ਗੈਂਗ ਦਾ ਮੁਖੀ ਹੈ। ਉਸ ਵਿਰੁੱਧ ਚਿੱਟਾ ਤਸਕਰੀ ਦੇ 5 ਤੋਂ ਵੱਧ ਮਾਮਲੇ ਦਰਜ ਹਨ। ਰਵਿੰਦਰ ਇਕ ਪੇਸ਼ੇਵਰ ਅਪਰਾਧੀ ਹੈ। ਉਹ ਲਗਭਗ ਇਕ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਹੈ। ਤਿੰਨੋਂ ਦੋਸ਼ੀ ਜੇਲ੍ਹ ਵਿਚ ਵੀ ਮਿਲੇ ਹਨ। ਤਿੰਨੋਂ ਅਪਰਾਧੀ ਚਿੱਟੇ ਦੇ ਆਦੀ ਹਨ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਵੀ ਚਿੱਟੇ ਦਾ ਸੇਵਨ ਕਰਦੇ ਹਨ। ਰਵਿੰਦਰ ਉਰਫ਼ ਰਾਜੂ ਅਤੇ ਦਲਬੀਰ ਸਿੰਘ ਉਰਫ਼ ਗੋਲਡੀ ਦੀ ਉਮਰ ਲਗਭਗ 40 ਸਾਲ ਹੈ। ਦੋਵੇਂ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ। ਜਦੋਂ ਕਿ ਗੁਰਪ੍ਰੀਤ ਉਰਫ਼ ਰਾਜਾ ਦੀ ਉਮਰ 24 ਸਾਲ ਹੈ।
 


author

Anmol Tagra

Content Editor

Related News