ਬੈਂਕ ''ਚ ਪੈਸੇ ਜਮ੍ਹਾ ਕਰਵਾਉਣ ਆਇਆ ਵਪਾਰੀ ਬਣਿਆ 2 ਨੌਸਰਬਾਜ਼ ਔਰਤਾਂ ਦਾ ਸ਼ਿਕਾਰ

Friday, Sep 08, 2017 - 05:18 AM (IST)

ਬੈਂਕ ''ਚ ਪੈਸੇ ਜਮ੍ਹਾ ਕਰਵਾਉਣ ਆਇਆ ਵਪਾਰੀ ਬਣਿਆ 2 ਨੌਸਰਬਾਜ਼ ਔਰਤਾਂ ਦਾ ਸ਼ਿਕਾਰ

ਲੁਧਿਆਣਾ(ਰਿਸ਼ੀ)-ਪੰਜਾਬ ਨੈਸ਼ਨਲ ਬੈਂਕ, ਸ਼ਿੰਗਾਰ ਰੋਡ 'ਤੇ ਹਰ ਰੋਜ਼ ਵਾਂਗ ਵੀਰਵਾਰ ਸਵੇਰੇ ਪੈਸੇ ਜਮ੍ਹਾ ਕਰਵਾਉਣ ਆਏ ਰੇਖੀ ਡਿਪਾਰਟਮੈਂਟਲ ਸਟੋਰ, ਮੋਤੀ ਨਗਰ ਦੇ ਮਾਲਕ ਨੂੰ ਬੈਂਕ ਵਿਚ ਪਹਿਲਾਂ ਤੋਂ ਮੌਜੂਦ 2 ਨੌਸਰਬਾਜ਼ ਔਰਤਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਅਤੇ ਥੈਲਾ ਕੱਟ ਕੇ 4 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਈਆਂ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ ਨੰ. 3 ਅਤੇ 6 ਦੀ ਪੁਲਸ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਸੈਕਟਰ-39 ਦੇ ਰਹਿਣ ਵਾਲੇ ਪਵਨ ਗੁਪਤਾ ਨੇ ਦੱਸਿਆ ਕਿ ਉਸ ਦਾ ਮੋਤੀ ਨਗਰ ਅਤੇ ਵੀਰ ਪੈਲੇਸ ਕੋਲ ਜਨਰਲ ਸਟੋਰ ਹੈ। ਹਰ ਰੋਜ਼ ਵਾਂਗ ਸਵੇਰ ਬੈਂਕ ਵਿਚ ਪੈਸੇ ਜਮ੍ਹਾਕਰਵਾਉਣ ਲਈ ਐਕਟਿਵਾ 'ਤੇ ਆਏ ਸਨ। ਉਨ੍ਹਾਂ ਨੇ ਇਕ ਫਰਮ ਵਿਚ 3 ਅਤੇ ਦੂਜੀ ਫਰਮ ਵਿਚ 2 ਲੱਖ ਰੁਪਏ ਜਮ੍ਹਾ ਕਰਵਾਉਣੇ ਸਨ। ਬੈਂਕ 'ਚ ਦਾਖਲ ਹੋਣ ਤੋਂ ਬਾਅਦ ਉਹ ਲਾਈਨ ਵਿਚ ਖੜ੍ਹੇ ਹੋ ਗਏ ਅਤੇ ਨਕਦੀ ਵਾਲਾ ਥੈਲਾ ਬਾਂਹ ਵਿਚ ਟੰਗ ਲਿਆ। ਕੁਝ ਦੇਰ ਬਾਅਦ ਉਸ ਨੂੰ ਥੈਲਾ ਇਕਦਮ ਹਲਕਾ ਲੱਗਾ, ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਥੈਲਾ ਥੱਲਿਓਂ ਕੱਟਿਆ ਹੋਇਆ ਸੀ ਅਤੇ 2 ਹਜ਼ਾਰ ਦੇ ਨੋਟ ਦੀਆਂ 2 ਕਾਪੀਆਂ ਗਾਇਬ ਸਨ, ਜਦੋਂਕਿ 500 ਦੇ ਨੋਟ ਦੀਆਂ ਦੋਵੇਂ ਕਾਪੀਆਂ ਪਈਆਂ ਹੋਈਆਂ ਸਨ।
ਰੌਲਾ ਪਾਉਣ 'ਤੇ ਕੀਤਾ ਬੈਂਕ ਦਾ ਗੇਟ ਬੰਦ
ਚੋਰੀ ਹੋਣ ਦਾ ਪਤਾ ਲਗਦੇ ਹੀ ਪਵਨ ਗੁਪਤਾ ਨੇ ਰੌਲਾ ਪਾਇਆ ਤਾਂ ਬੈਂਕ ਮੈਨੇਜਰ ਨੇ ਮੇਨ ਗੇਟ ਬੰਦ ਕਰਵਾ ਦਿੱਤਾ ਤਾਂ ਕਿ ਚੋਰ ਬਾਹਰ ਨਾ ਜਾ ਸਕੇ। ਜਦੋਂ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਨੌਸਰਬਾਜ਼ ਔਰਤਾਂ ਬੈਂਕ ਤੋਂ ਬਾਹਰ ਨਿਕਲ ਚੁੱਕੀਆਂ ਹਨ।
11.38 'ਤੇ ਦਾਖਲ ਹੋਈਆਂ ਨੌਸਰਬਾਜ਼ ਔਰਤਾਂ
ਬੈਂਕ ਦੀ ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਨੌਸਰਬਾਜ਼ ਔਰਤਾਂ 11.38 ਵਜੇ ਬੈਂਕ ਵਿਚ ਦਾਖਲ ਹੁੰਦੀਆਂ ਹਨ ਅਤੇ ਕਾਫੀ ਸਮੇਂ ਤੱਕ ਆਪਣਾ ਸ਼ਿਕਾਰ ਲੱਭਦੀਆਂ ਰਹਿੰਦੀਆਂ ਹਨ ਅਤੇ ਅੰਤ ਵਿਚ ਵਾਰਦਾਤ ਕਰ ਕੇ 12.10 ਮਿੰਟ 'ਤੇ ਫਰਾਰ ਹੋ ਜਾਂਦੀਆਂ ਹਨ।
10 ਮਿੰਟ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਪਵਨ ਗੁਪਤਾ ਮੁਤਾਬਕ ਲਾਈਨ ਵਿਚ ਉਹ ਲਗਭਗ 12 ਵਜੇ ਖੜ੍ਹਾ ਹੋਇਆ ਸੀ, 10 ਮਿੰਟ ਵਿਚ ਹੀ ਦੋਵੇਂ ਔਰਤਾਂ ਵਾਰਦਾਤ ਨੂੰ ਅੰਜਾਮ ਦੇ ਗਈਆਂ। ਇਕ ਨੌਸਰਬਾਜ਼ ਔਰਤ ਉਸ ਦੇ ਨਾਲ ਦੀ ਲਾਈਨ ਵਿਚ ਆ ਕੇ ਖੜ੍ਹੀ ਹੋਈ ਸੀ, ਜਦੋਂਕਿ ਦੂਜੀ ਪਿੱਛੇ ਖੜ੍ਹੀ ਰਹੀ। ਨਾਲ ਖੜ੍ਹੀ ਔਰਤ ਥੈਲੇ ਕੋਲ ਚੁੰਨੀ ਕਰ ਕੇ ਆਸਾਨੀ ਨਾਲ ਬਲੇਡ ਮਾਰ ਕੇ ਨਕਦੀ ਕੱਢ ਕੇ ਲੈ ਗਈ, ਜਿਸ ਤੋਂ ਬਾਅਦ ਦੋਵੇਂ ਫਰਾਰ ਹੋ ਗਈਆਂ।
ਹਰ ਗਰੁੱਪ 'ਚ ਦੌੜੀ ਵੀਡੀਓ
ਚੋਰੀ ਦੀ ਹਰਕਤ ਬੈਂਕ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਅਤੇ ਦੁਪਹਿਰ ਤੱਕ ਫੁਟੇਜ ਹਰ ਵਟਸਐਪ ਗਰੁੱਪ ਵਿਚ ਦੌੜਨ ਲੱਗ ਪਈ। ਹਰ ਗਰੁੱਪ ਵਿਚ ਦੋਵੇਂ ਔਰਤਾਂ ਦੀ ਪਛਾਣ ਕਰਨ ਬਾਰੇ ਲਿਖਿਆ ਗਿਆ। ਇਸ ਦੇ ਨਾਲ ਡਵੀਜ਼ਨ ਨੰ. 6 ਦੇ ਮੁਖੀ ਇੰਸਪੈਕਟਰ ਦਵਿੰਦਰ ਚੌਧਰੀ ਦਾ ਨੰਬਰ ਲਿਖਿਆ ਹੋਇਆ ਸੀ ਤਾਂ ਕਿ ਕੁਝ ਵੀ ਪਤਾ ਲੱਗਣ 'ਤੇ ਉਨ੍ਹਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾ ਸਕੇ।


Related News