ਜਲੰਧਰ ਵਿਖੇ ਸ਼ੱਕੀ ਹਾਲਾਤ ''ਚ ਹੋਈ 2 ਨੌਜਵਾਨਾਂ ਦੀ ਮੌਤ ਦੇ ਮਾਮਲੇ ''ਚ ਵੱਡਾ ਖ਼ੁਲਾਸਾ! ਨਵੀਂ ਕਹਾਣੀ ਆਈ ਸਾਹਮਣੇ
Monday, Jan 26, 2026 - 04:09 PM (IST)
ਭੋਗਪੁਰ (ਸੂਰੀ)-ਬੀਤੀ ਦਿਨੀਂ ਭੋਗਪੁਰ ਨੇੜੇ 2 ਨੌਜਵਾਨਾਂ ਦੀ ਸ਼ੱਕੀ ਹਾਲਾਤ ’ਚ ਲਾਸ਼ਾਂ ਮਿਲਣ ਦੇ ਮਾਮਲੇ ਵਿਚ ਉੱਚ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਵਿਚ ਨਵੀਂ ਕਹਾਣੀ ਸਾਹਮਣੇ ਆਈ ਹੈ। ਇਸ ਮਾਮਲੇ ਸਬੰਧੀ ਮਨਜੀਤ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਪਿੰਡ ਭੂੰਦੀਆਂ ਥਾਣਾ ਭੋਗਪੁਰ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਸ ਦਾ ਲੜਕਾ ਅਰਸ਼ਪ੍ਰੀਤ ਅਤੇ ਉਸ ਦਾ ਦੋਸਤ ਗੁਰਪੇਸ਼ ਉਰਫ਼ ਆਰੀਅਨ ਬਹਿਰਾਮ ਸਰਿਸ਼ਤਾ ਤੋਂ ਇੱਟਾਂ ਬੱਧੀ ਨੂੰ ਜਾਂਦੀ ਸੜਕ ’ਤੇ ਬੇਹੋਸ਼ੀ ਦੀ ਹਾਲਤ ਵਿਚ ਪਏ ਸਨ। ਡਾਕਟਰ ਨੇ ਦੋਨਾਂ ਨੌਜਵਾਨਾਂ ਅਰਸ਼ਪ੍ਰੀਤ ਸਿੰਘ ਅਤੇ ਗੁਪੇਸ਼ ਉਰਫ ਆਰੀਅਨ ਦੀ ਮੌਤ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: ਕੁਰਸੀ ਪਿੱਛੇ ਹੱਥੋਪਾਈ ਹੋਏ 'ਆਪ' ਵਿਧਾਇਕ ਤੇ ਕੌਂਸਲ ਪ੍ਰਧਾਨ, ਲਾਏ ਗੰਭੀਰ ਇਲਜ਼ਾਮ
ਮਨਜੀਤ ਕੌਰ ਨੇ ਇਸ ਹਾਦਸੇ ’ਤੇ ਸ਼ੱਕ ਜਾਹਿਰ ਕੀਤਾ ਸੀ। ਉਨ੍ਹਾਂ ਦੇ ਬੱਚਿਆਂ ਦੀ ਮੌਤ ਹਾਦਸੇ ਜਾਂ ਕਿਸੇ ਨਾਮਲੂਮ ਵਿਅਕਤੀਆਂ ਵੱਲੋਂ ਸੱਟਾਂ ਮਾਰਨ ਕਾਰਨ ਵੀ ਹੋਈ ਹੋ ਸਕਦੀ ਹੈ। ਪੁਲਸ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਇਨ੍ਹਾਂ ਦੋ ਨੌਜਵਾਨਾਂ ਦੀ ਮੌਤ ਨਾਲ ਇਲਾਕੇ ਦੇ ਲੋਕਾਂ ਵਿਚ ਰੋਸ ਸੀ, ਜਿਸ ਕਾਰਨ ਲੋਕਾਂ ਨੇ ਪੀੜਤ ਪਰਿਵਾਰਾਂ ਨਾਲ 17 ਜਨਵਰੀ ਨੂੰ ਥਾਣਾ ਭੋਗਪੁਰ ਅੱਗੇ 3 ਘੰਟੇ ਹਾਈਵੇਅ ਜਾਮ ਕਰਕੇ ਧਰਨਾ ਦਿੱਤਾ ਸੀ। ਪੁਲਸ ਵੱਲੋਂ ਪੀੜਤ ਪਰਿਵਾਰਾਂ ਤੋਂ 21 ਜਨਵਰੀ ਤੱਕ ਜਾਂਚ ਦਾ ਸਮਾਂ ਲਿਆ ਅਤੇ ਪੀੜਤਾਂ ਵੱਲੋਂ ਦੋਨੋਂ ਲਾਸ਼ਾਂ ਮੋਰਚਰੀ ਵਿਚ ਰਖਵਾ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ
ਜਾਂਚ ਵਿਚ ਸਾਹਮਣੇ ਆਈ ਨਵੀਂ ਕਹਾਣੀ
ਇਸ ਗੰਭੀਰ ਮਾਮਲੇ ਵਿਚ ਇਕ ਐੱਸ. ਪੀ. ਤੇ ਦੋ ਡੀ. ਐੱਸ. ਪੀ. ਵੱਲੋਂ ਜਾਂਚ ਕੀਤੀ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਜਰਨੈਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬਹਿਰਾਮ ਸਰਿਸ਼ਤਾ ਵੱਲੋਂ ਸੜਕ ਕਿਨਾਰੇ ਖੜ੍ਹੇ ਕੀਤੇ ਗਏ ਰੇਹੜੇ ਨਾਲ ਮੋਟਰਸਾਈਕਲ ਸਵਾਰ ਉਕਤ ਨੌਜਵਾਨਾਂ ਦੀ ਟੱਕਰ ਹੋਈ ਸੀ, ਜਿਸ ਤੋਂ ਬਾਅਦ ਰੇਹੜਾ ਮਾਲਕ ਜਰਨੈਲ ਸਿੰਘ ਨੇ ਹਾਦਸਾ ਗ੍ਰਸਤ ਰੇਹੜਾ ਆਪਣੇ ਪਿੰਡ ਤੋਂ 14 ਕਿਲੋਮੀਟਰ ਦੂਰ ਥਾਣਾ ਟਾਂਡਾ ਦੇ ਪਿੰਡ ਨੰਗਲ ਫਰੀਦ ਵਿਚ ਲੁਕਾ ਦਿੱਤਾ ਸੀ ਤੇ ਪੁਲਸ ਅੱਗੇ ਹੋਰ ਰੇਹੜਾ ਪੇਸ਼ ਕਰ ਦਿੱਤਾ ਸੀ, ਜਿਸ ’ਤੇ ਹਾਦਸੇ ਦਾ ਕੋਈ ਸਬੂਤ ਨਹੀਂ ਸੀ। ਜਦੋਂ ਜਰਨੈਲ ਸਿੰਘ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹ ਕਹਾਣੀ ਸਾਹਮਣੇ ਆਈ। ਪੁਲਸ ਵੱਲੋਂ ਜਰਨੈਲ ਸਿੰਘ ਖ਼ਿਲਾਫ਼ ਸਬੂਤ ਮਿਟਾਉਣ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦਾ ਪੁਲਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੇ ਕਤਲ ਦੀ ਸ਼ੱਕ ਦੇ ਦਿੱਤੇ ਬਿਆਨ, ਪੁਲਸ ਕਰੇਗੀ ਜਾਂਚ
ਪੁਲਸ ਵੱਲੋਂ ਭਾਵੇਂ ਇਸ ਮਾਮਲੇ ਵਿਚ ਹਾਦਸੇ ਅਨੁਸਾਰ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਪੀੜਤ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟ ਕਰਦਿਆਂ ਬਿਆਨ ਦਰਜ ਕਰਵਾਏ ਗਏ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਅਰਸ਼ਪ੍ਰੀਤ ਸਿੰਘ ਦੇ ਦੇਹ ਦਾ ਸੰਸਕਾਰ ਸ਼ੁੱਕਰਵਾਰ ਉਨ੍ਹਾਂ ਦੇ ਪਿੰਡ ਭੂੰਦੀਆਂ ਵਿਚ ਕਰ ਦਿੱਤਾ ਗਿਆ ਸੀ ਅਤੇ ਸ਼ਨੀਵਾਰ ਗੋਪੇਸ਼ ਉਰਫ ਆਰੀਅਨ ਦਾ ਸੰਸਕਾਰ ਉਸ ਦੇ ਪਿੰਡ ਗੇਹਲੜਾਂ ਵਿਚ ਕਰ ਦਿੱਤਾ ਗਿਆ। ਦੋਨਾਂ ਨੌਜਵਾਨਾਂ ਦੇ ਸੰਸਕਾਰਾਂ ਮੌਕੇ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਹੋਏ ਅਤੇ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ। ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਗੋਪੇਸ਼ ਉਰਫ਼ ਆਰੀਅਨ ਦੇ ਸੰਸਕਾਰ ਮੌਕੇ ਉਸ ਦੇ ਪਿੰਡ ਗੇਹਲੜਾਂ ਪੁੱਜੇ ਅਤੇ ਸੰਸਕਾਰ ਵਿਚ ਸ਼ਮਲ ਹੋ ਕੇ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ।
ਇਹ ਵੀ ਪੜ੍ਹੋ: ਸਮਰਾਲਾ ਮਗਰੋਂ ਹੁਣ ਜ਼ੀਰਕਪੁਰ ’ਚ ਵੱਡਾ ਹਾਦਸਾ! ਪਤੰਗਬਾਜ਼ੀ ਨੇ ਉਜਾੜ 'ਤੇ ਦੋ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
