ਗੈਸ ਏਜੰਸੀ ਦੇ ਕਰਿੰਦੇ ਦੀਆਂ ਅੱਖਾਂ ''ਚ ਮਿਰਚਾਂ ਪਾ ਕੇ ਨਕਦੀ ਵਾਲਾ ਬੈਗ ਖੋਹਿਆ

Thursday, Aug 24, 2017 - 03:50 AM (IST)

ਗੈਸ ਏਜੰਸੀ ਦੇ ਕਰਿੰਦੇ ਦੀਆਂ ਅੱਖਾਂ ''ਚ ਮਿਰਚਾਂ ਪਾ ਕੇ ਨਕਦੀ ਵਾਲਾ ਬੈਗ ਖੋਹਿਆ

ਜਗਰਾਓਂ(ਜਸਬੀਰ ਸ਼ੇਤਰਾ) – ਇਥੇ ਨਵੀਂ ਦਾਣਾ ਮੰਡੀ ਸਥਿਤ ਬੀ. ਕੇ. ਗੈਸ ਏਜੰਸੀ ਦੇ ਸਿਲੰਡਰ ਵੇਚਣ ਵਾਲੇ ਸਬ-ਆਫਿਸ ਤੋਂ ਅੱਜ ਦਿਨ-ਦਿਹਾੜੇ ਇਕ ਲੁਟੇਰੇ ਨੇ ਕਰਿੰਦੇ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਨਕਦੀ ਵਾਲਾ ਬੈਗ ਖੋਹ ਲਿਆ। ਜਾਣਕਾਰੀ ਅਨੁਸਾਰ ਘਟਨਾ ਕੋਈ 3 ਵਜੇ ਦੇ ਕਰੀਬ ਵਪਾਰੀ। ਉਸ ਸਮੇਂ ਟਰਾਲੀ ਦੇ ਸਿਲੰਡਰ ਵੇਚ ਰਿਹਾ ਕਰਿੰਦਾ ਬਾਬੂ ਰਾਮ ਦਰੱਖਤ ਹੇਠਾਂ ਦੋ ਹੋਰਨਾਂ ਸਾਥੀਆਂ ਨਾਲ ਬੈਠਾ ਸੀ। ਇੰਨੇ ਨੂੰ ਪਿਛਲੇ ਪਾਸਿਓਂ ਇਕ 24-25 ਸਾਲ ਦਾ ਪੱਕੇ ਰੰਗ ਵਾਲਾ ਨੌਜਵਾਨ ਆਇਆ ਜਿਸ ਨੇ ਆਉਣ ਸਾਰ ਬਾਬੂ ਰਾਮ ਦੀਆਂ ਅੱਖਾਂ 'ਚ ਮਿਰਚਾਂ ਭੁੱਕ ਦਿੱਤੀਆਂ। ਇਸ ਤੋਂ ਪਹਿਲਾਂ ਕਿਸੇ ਨੂੰ ਗੱਲ ਸਮਝ ਆਉਂਦੀ ਲੁਟੇਰਾ ਬਾਬੂ ਰਾਮ ਤੋਂ ਨਕਦੀ ਵਾਲਾ ਬੈਗ ਖੋਹ ਕੇ ਦੂਜੇ ਪਾਸੇ ਭੱਜ ਗਿਆ। ਜਿਥੇ ਸਿਲੰਡਰਾਂ ਵਾਲੀ ਟਰਾਲੀ ਖੜ੍ਹੀ ਸੀ ਉਸੇ ਪਾਸੇ ਨਵੀਂ ਦਾਣਾ ਮੰਡੀ ਦੀ ਕੰਧ ਡਿੱਗੀ ਹੋਈ ਹੈ। ਲੁਟੇਰਾ ਉਸ ਦਾ ਫਾਇਦਾ ਉਠਾ ਕੇ ਓਧਰ ਦੌੜਿਆ। ਆੜ੍ਹਤੀ ਜਗਸੀਰ ਸਿੰਘ ਕਲੇਰ ਨੇ ਦੱਸਿਆ ਕਿ ਮਨੋਜ ਕੁਮਾਰ ਤੇ ਅਰਜੁਨ ਸਮੇਤ ਕੁਝ ਹੋਰ ਲੁਟੇਰੇ ਪਿੱਛੇ ਭੱਜੇ। ਉਨ੍ਹਾਂ ਦੱਸਿਆ ਕਿ ਲੁਟੇਰੇ ਨੇ ਜਦੋਂ ਟੁੱਟੀ ਕੰਧ ਕੋਲ ਜਾ ਕੇ ਪਿਸਤੌਲ ਕੱਢ ਲਈ ਤਾਂ ਉਹ ਡਰਦੇ ਮਾਰੇ ਪਰਤ ਆਏ। ਲੁਟੇਰੇ ਨੇ ਪਹਿਲਾਂ ਹੀ ਲੁੱਟ ਦੀ ਪੂਰੀ ਯੋਜਨਾ ਬਣਾਈ ਹੋਈ ਸੀ। ਉਹ ਯੋਜਨਾਬੱਧ ਤਰੀਕੇ ਨਾਲ ਮੰਡੀ ਦੇ ਪਿਛਲੇ ਗੇਟ ਵੱਲੋਂ ਪੈਦਲ ਆਇਆ ਤੇ ਘਟਨਾ ਨੂੰ ਅੰਜਾਮ ਦੇ ਕੇ ਦੂਜੇ ਪਾਸੇ ਭੱਜਿਆ ਜਿਥੇ ਉਸਨੇ ਆਪਣੇ ਸਾਥੀ ਨੂੰ ਪਹਿਲਾਂ ਹੀ ਰੇਲਵੇ ਲਾਈਨਾਂ ਪਾਰ ਤਿਆਰ ਖੜ੍ਹਾ ਕੀਤਾ ਹੋਇਆ ਸੀ। ਲੁਟੇਰਾ ਸਾਥੀ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਭੱਜਣ 'ਚ ਸਫਲ ਹੋ ਗਿਆ। ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਐੱਸ. ਪੀ. ਗੁਰਦੀਪ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ, ਡੀ. ਐੱਸ. ਪੀ. ਸਤਨਾਮ ਸਿੰਘ, ਥਾਣਾ ਮੁਖੀ ਇੰਦਰਜੀਤ ਸਿੰਘ ਤੇ ਹੋਰ ਪੁਲਸ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਐੱਸ. ਐੱਸ. ਪੀ. ਨੇ ਏਜੰਸੀ ਮਾਲਕ ਡਾ. ਨਰਿੰਦਰ ਸਿੰਘ, ਪੀੜਤ ਬਾਬੂ ਰਾਮ ਤੇ ਮੌਕੇ ਦੇ ਗਵਾਹਾਂ ਨਾਲ ਗੱਲ ਕੀਤੀ। ਬਾਬੂ ਰਾਮ ਨੇ ਦੱਸਿਆ ਕਿ ਲੁਟੇਰੇ ਦਾ ਮੂੰਹ ਢੱਕਿਆ ਹੋਇਆ ਨਹੀਂ ਸਗੋਂ ਨੰਗਾ ਸੀ ਤੇ ਉਸ ਦਾ ਰੰਗ ਪੱਕਾ ਸੀ। ਕੋਈ ਵੀ ਵਿਅਕਤੀ ਮੋਟਰਸਾਈਕਲ ਦਾ ਨੰਬਰ ਨੋਟ ਨਹੀਂ ਕਰ ਸਕਿਆ ਕਿਉਂਕਿ ਮੋਟਰਸਾਈਕਲ ਲਾਈਨਾਂ ਦੇ ਦੂਜੇ ਪਾਸੇ ਖੜ੍ਹਾ ਸੀ। ਪੁਲਸ ਨੇ ਬਾਬੂ ਰਾਮ ਦੇ ਬਿਆਨ ਲਿਖ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਜੰਸੀ ਮਾਲਕ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਬੈਗ 'ਚ 8 ਤੋਂ 10 ਹਜ਼ਾਰ ਰੁਪਏ ਦੇ ਵਿਚਕਾਰ ਨਕਦੀ ਸੀ। ਇਸ ਸਮੇਂ ਆੜ੍ਹਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਹਾਂਸ ਵੀ ਮੌਜੂਦ ਸਨ।


Related News