ਕੁਝ ਵਿਅਕਤੀਆਂ ਵੱਲੋਂ ਸਿਵਲ ਹਸਪਤਾਲ ''ਚ ਹੁੱਲੜਬਾਜ਼ੀ

06/23/2017 12:11:41 AM

ਜਲਾਲਾਬਾਦ(ਮਿੱਕੀ)-ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਰਕਾਰੀ ਆਈ. ਟੀ. ਆਈ. ਦੇ ਨਜ਼ਦੀਕ ਸਥਿਤ ਨਵੇਂ ਸਿਵਲ ਹਸਪਤਾਲ ਵਿਚ ਬੀਤੀ ਰਾਤ ਦੋ ਧਿਰਾਂ ਦੇ ਝਗੜੇ ਨੇ ਜਿਥੇ ਹਸਪਤਾਲ ਦੇ ਮਾਹੌਲ ਨੂੰ ਅਸ਼ਾਂਤ ਕਰ ਦਿੱਤਾ। ਓਥੇ ਹੀ ਹਸਪਤਾਲ ਵਿਚ ਹੋ ਰਹੀ ਹੁੱਲੜਬਾਜ਼ੀ ਨੂੰ ਰੋਕਣ ਲਈ ਜਦੋਂ ਹਸਪਤਾਲ 'ਚ ਤਾਇਨਾਤ ਡਾਕਟਰ ਤੇ ਸਟਾਫ ਵੱਲੋਂ ਪੁਲਸ ਦੀ ਮਦਦ ਲੈਣ ਖਾਤਰ ਸਥਾਨਕ ਥਾਣਾ ਸਿਟੀ ਵਿਖੇ ਫੋਨ ਕੀਤਾ ਗਿਆ ਤਾਂ ਥਾਣਾ ਸਿਟੀ ਪੁਲਸ ਵੱਲੋਂ ਨਵਾਂ ਸਿਵਲ ਹਸਪਤਾਲ ਥਾਣਾ ਸਿਟੀ ਦੀ ਹਦੂਦ ਤੋਂ ਬਾਹਰ ਹੋਣ ਦੀ ਗੱਲ ਕਹਿੰਦੇ ਹੋਏ ਥਾਣਾ ਅਮੀਰ ਖਾਸ ਤੋਂ ਮਦਦ ਲੈਣ ਲਈ ਕਿਹਾ ਗਿਆ।
ਸਿਵਲ ਹਸਪਤਾਲ 'ਚ ਤਾਇਨਾਤ ਰੇਡੀਓਗ੍ਰਾਫਰ ਪ੍ਰਕਾਸ਼ ਨੇ ਦੱਸਿਆ ਕਿ ਬੀਤੀ ਰਾਤ ਗਾਂਧੀ ਨਗਰ ਦੇ ਕੁਝ ਵਿਅਕਤੀ ਲੜਾਈ-ਝਗੜੇ ਦੌਰਾਨ ਜ਼ਖਮੀ ਹੋਣ ਉਪਰੰਤ ਸਿਵਲ ਹਸਪਤਾਲ ਵਿਖੇ ਦਾਖਲ ਹੋਏ ਸਨ। ਇਸ ਦੌਰਾਨ ਰਾਤ 1 ਵਜੇ ਦੇ ਕਰੀਬ ਦੂਜੀ ਧਿਰ ਦੇ ਵਿਅਕਤੀ ਵੀ ਹਸਪਤਾਲ ਪਹੁੰਚ ਗਏ ਤੇ ਦੋਵਾਂ ਧਿਰਾਂ ਵਿਚ ਤੂ-ਤੂ, ਮੈਂ-ਮੈਂ ਸ਼ੁਰੂ ਹੋ ਗਈ ਤੇ ਉਕਤ ਵਿਅਕਤੀਆਂ ਵੱਲੋਂ ਹੁੱਲੜਬਾਜ਼ੀ ਵੀ ਕੀਤੀ ਗਈ, ਜਿਸ ਕਾਰਨ ਹਸਪਤਾਲ 'ਚ ਮੌਜੂਦ ਬਾਕੀ ਮਰੀਜ਼ਾਂ ਤੇ ਡਾਕਟਰੀ ਸਟਾਫ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਝਗੜਾ ਵਧਣ ਤੋਂ ਰੋਕਣ ਲਈ ਡਿਊਟੀ 'ਤੇ ਮੌਜੂਦ ਡਾ. ਅਸ਼ੋਕ ਕੁਮਾਰ ਵੱਲੋਂ ਮਦਦ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਫੋਨ ਕੀਤਾ ਗਿਆ।
ਥਾਣਾ ਸਿਟੀ ਪੁਲਸ ਨੇ ਨਵਾਂ ਸਿਵਲ ਹਸਪਤਾਲ ਥਾਣਾ ਸਿਟੀ ਦੀ ਹਦੂਦ ਤੋਂ ਬਾਹਰ ਹੋਣ ਦਾ ਕਹਿੰਦੇ ਹੋਏ ਥਾਣਾ ਅਮੀਰ ਖਾਸ ਵਿਖੇ ਫੋਨ ਕਰਨ ਲਈ ਕਿਹਾ ਗਿਆ, ਜਦਕਿ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਮਦਦ ਲਈ ਥਾਣਾ ਸਿਟੀ ਪੁਲਸ ਨੂੰ ਹੀ ਸੂਚਿਤ ਕੀਤਾ ਜਾਂਦਾ ਰਿਹਾ ਹੈ ਪਰ ਬੀਤੀ ਰਾਤ ਥਾਣਾ ਸਿਟੀ ਪੁਲਸ ਫੋਨ ਕਰਨ 'ਤੇ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਨਹੀਂ ਪਹੁੰਚੀ। ਡਾਕਟਰੀ ਸਟਾਫ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਬੀਤੀ ਰਾਤ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਜਦਕਿ ਇਨਸਾਨੀਅਤ ਦੇ ਨਾਤੇ ਥਾਣਾ ਸਿਟੀ ਪੁਲਸ ਦਾ ਫਰਜ਼ ਬਣਦਾ ਸੀ ਕਿ ਮੌਕੇ 'ਤੇ ਪਹੁੰਚ ਕੇ ਸਿਵਲ ਹਸਪਤਾਲ ਵਿਚ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਸਬਕ ਸਿਖਾਉਂਦੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਸਿਵਲ ਹਸਪਤਾਲ ਜਲਾਲਾਬਾਦ ਲੋੜ ਪੈਣ 'ਤੇ ਕਿਸ ਥਾਣੇ ਨੂੰ ਸੂਚਿਤ ਕਰੇ ਕਿÀੁਂਕਿ ਜਿਵੇਂ ਬੀਤੀ ਰਾਤ ਡਾਕਟਰੀ ਸਟਾਫ ਤੇ ਮਰੀਜ਼ਾਂ ਨੂੰ ਮਦਦ ਲਈ ਇਸ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਦੁਬਾਰਾ ਇਸ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।


Related News