ਮਹਿਲਾਵਾਂ ਨੇ ਪੁਲਸ ਮੁਲਾਜ਼ਮ ''ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼
Tuesday, Jun 13, 2017 - 12:23 AM (IST)
ਪਟਿਆਲਾ(ਬਲਜਿੰਦਰ)-ਸ਼ਹਿਰ ਦੇ ਰਣਜੀਤ ਨਗਰ ਈ-ਬਲਾਕ ਮੁਹੱਲੇ ਦੀਆਂ ਮਹਿਲਾਵਾਂ ਨੇ ਇੱਕ ਪੁਲਸ ਮੁਲਾਜ਼ਮ 'ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਸ ਦੀ ਸ਼ਿਕਾਇਤ ਥਾਣਾ ਤ੍ਰਿਪੜੀ ਦੀ ਪੁਲਸ ਨੂੰ ਦੇਣ ਦੇ ਬਾਵਜੂਦ ਵੀ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਮਹਿਲਾਵਾਂ ਹਰਜੀਤ ਕੌਰ, ਸ਼ਰਿਤਾ, ਕਮਲਜੀਤ ਕੌਰ, ਸਿੰਮੀ, ਨਵਕਿਰਨ ਕੌਰ, ਭੁਪਿੰਦਰ ਕੌਰ ਅਤੇ ਹਰਜੀਤ ਕੌਰ ਨੇ ਦੱਸਿਆ ਕਿ ਉਕਤ ਇਲਾਕੇ ਵਿਚ ਰਹਿੰਦੇ ਪੁਲਸ ਮੁਲਾਜ਼ਮ ਨੇ ਪੂਰੇ ਮੁਹੱਲੇ ਦਾ ਰਹਿਣਾ ਔਖਾ ਕੀਤਾ ਹੋਇਆ ਹੈ। ਉਸ ਨੇ ਆਪਣਾ ਮਕਾਨ ਗਲੀ ਦੇ ਬਾਕੀ ਮਕਾਨਾਂ ਨਾਲੋਂ ਉੱਚਾ ਚੁੱਕਿਆ ਹੋਇਆ ਹੈ। ਇੰਨਾ ਹੀ ਨਹੀਂ, ਉਸ ਵੱਲੋਂ ਗਲੀ ਦਾ ਸਰਕਾਰੀ ਕੰਮ ਵੀ ਨਹੀਂ ਹੋਣ ਦਿੱਤਾ ਜਾ ਰਿਹਾ। ਮਹਿਲਾਵਾਂ ਨੇ ਪੁਲਸ ਮੁਲਾਜ਼ਮ 'ਤੇ ਦੁਰਵਿਵਹਾਰ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤ੍ਰਿਪੜੀ ਪੁਲਸ ਨੇ ਮੁਲਾਜ਼ਮ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਮਾਮਲਾ ਮੁੱਖ ਮੰਤਰੀ ਦਰਬਾਰ ਤੱਕ ਪਹੁੰਚਾਇਆ ਜਾਵੇਗਾ।
