ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਦਾ ਕਾਰਾ! ਆਸ਼ਿਕ ਨਾਲ ਫੜ੍ਹੇ ਜਾਣ 'ਤੇ...

Sunday, Apr 05, 2026 - 06:18 PM (IST)

ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ ਦਾ ਕਾਰਾ! ਆਸ਼ਿਕ ਨਾਲ ਫੜ੍ਹੇ ਜਾਣ 'ਤੇ...

ਮੁੱਲਾਂਪੁਰ ਦਾਖਾ (ਕਾਲੀਆ)- ਪੰਜਾਬ ਪੁਲਸ ਦੀ ਮਹਿਲਾ ਮੁਲਾਜ਼ਮ 'ਤੇ ਆਪਣਾ 'ਪਾਪ' ਲੁਕਾਉਣ ਲਈ ਆਸ਼ਿਕ ਦੇ ਕਹਿਣ 'ਤੇ ਪਤੀ ਨੂੰ ਗੱਡੀ ਥੱਲੇ ਦੇ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਬਿਜਲੀ ਬੋਰਡ ਦੇ ਮੁਲਾਜ਼ਮ ਪਰਮਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਚਮਿੰਡਾ ਦੇ ਬਿਆਨਾਂ 'ਤੇ ਥਾਣਾ ਦਾਖਾ ਦੀ ਪੁਲਸ ਨੇ ਉਸ ਦੀ ਪਤਨੀ ਪਿੰਡ ਅਕਾਲਗੜ੍ਹ ਅਤੇ ਉਸ ਦੇ ਆਸ਼ਕ ਵਿਰੁੱਧ ਧਾਰਾ 110, 118 (1), 115 (2), 351 (2), 3 (5) ਬੀ. ਐੱਨ. ਐੱਸ. ਅਧੀਨ ਕੇਸ ਦਰਜ ਕਰ ਲਿਆ ਹੈ।

ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਬਿਜਲੀ ਬੋਰਡ ਵਿਚ ਲਾਈਨਮੈਨ ਹੈ ਅਤੇ ਲੁਧਿਆਣਾ ਘੰਟਾ ਘਰ ਵਿਖੇ ਡਿਊਟੀ ਕਰ ਰਿਹਾ ਹੈ। ਉਸ ਦੀ ਪਤਨੀ ਪੁਲਸ ਮੁਲਾਜ਼ਮ ਹੈ। 2 ਅਪ੍ਰੈਲ ਨੂੰ ਉਹ ਡਿਊਟੀ ਉਪਰੰਤ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਘਰ ਆ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਸ ਦੀ ਪਤਨੀ ਕਾਲੀ ਸਕਾਰਪੀਓ ਗੱਡੀ ਚਲਾ ਰਹੀ ਸੀ ਅਤੇ ਉਸ ਨਾਲ ਉਸ ਦਾ ਆਸ਼ਿਕ ਬੈਠਾ ਸੀ। ਜਦੋਂ ਉਸ ਨੇ ਦੋਵਾਂ ਨੂੰ ਵੇਖਿਆ ਤਾਂ ਉਸ ਦੀ ਪਤਨੀ ਨੇ ਗੱਡੀ ਭਜਾ ਲਈ। ਉਹ ਉਨ੍ਹਾਂ ਦਾ ਪਿੱਛਾ ਕਰਦਾ ਕਰਦਾ ਸ਼ਾਮ ਨੂੰ ਕਰੀਬ 5.30 ਵਜੇ ਮੁੱਲਾਂਪੁਰ ਬੱਸ ਸਟੈਂਡ ਪੁੱਜਾ ਤਾਂ ਜਾਮ ਕਰਕੇ ਉਸ ਦੀ ਗੱਡੀ ਰੁਕ ਗਈ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਸ਼ਿਕ ਨੇ ਉਸ ਦੀ ਪਤਨੀ ਨੂੰ ਗੱਡੀ ਮੇਰੇ ਉੱਪਰ ਚੜ੍ਹਾਉਣ ਲਈ ਕਿਹਾ। ਪਰਮਿੰਦਰ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਨੇ ਆਸ਼ਿਕ ਦੇ ਕਹਿਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉੱਪਰ ਗੱਡੀ ਚੜ੍ਹਾ ਦਿੱਤੀ ਅਤੇ ਉਹ ਥੱਲੇ ਜਾ ਡਿੱਗਿਆ ਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। 

ਪਰਮਿੰਦਰ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਜੋੜੀਆਂ ਬੇਟੀਆਂ ਵੀ ਹਨ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਦੇ ਪਿਛਲੇ 6 ਮਹੀਨਿਆਂ ਤੋਂ ਉਕਤ ਮੁੰਡੇ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਇਸ ਵੇਲੇ ਉਸ ਤੋਂ ਵੱਖਰੀ ਆਪਣੇ ਪੇਕੇ ਅਕਾਲਗੜ੍ਹ ਵਿਖੇ ਰਹਿ ਰਹੀ ਹੈ।

ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਏ. ਐੱਸ. ਆਈ. ਸੁਖਵਿੰਦਰ ਸਿੰਘ ਕਰ ਰਹੇ ਹਨ ਅਤੇ ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News