ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਬੇਨਕਾਬ, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, Gold Chain ਤੇ ਮੋਟਰਸਾਈਕਲ ਬਰਾਮਦ

Saturday, Apr 11, 2026 - 02:34 PM (IST)

ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਬੇਨਕਾਬ, 4 ਮੁਲਜ਼ਮ ਚੜ੍ਹੇ ਪੁਲਸ ਅੜਿੱਕੇ, Gold Chain ਤੇ ਮੋਟਰਸਾਈਕਲ ਬਰਾਮਦ

ਦੋਰਾਹਾ/ਖੰਨਾ (ਵਿਨਾਇਕ/ਵਿਪਨ): ਲੁਧਿਆਣਾ ਰੇਂਜ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਵੱਖ-ਵੱਖ ਸ਼ਹਿਰਾਂ ਵਿਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਸਰਗਰਮ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕਬਜ਼ੇ ਤੋਂ 2 ਚੋਰੀਸ਼ੁਦਾ ਮੋਟਰਸਾਈਕਲ ਅਤੇ ਖੋਹ ਕੀਤੀ ਗਈ 1 ਸੋਨੇ ਦੀ ਚੇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਡੀ.ਆਈ.ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਪੀ. (ਇੰਵੈਸਟੀਗੇਸ਼ਨ) ਪਵਨਜੀਤ ਚੌਧਰੀ ਦੀ ਅਗਵਾਈ ਅਤੇ ਡੀ.ਐਸ.ਪੀ. ਮੋਹਿਤ ਕੁਮਾਰ ਸਿੰਗਲਾ ਦੀ ਦੇਖਰੇਖ ਹੇਠ ਸੀ.ਆਈ.ਏ ਸਟਾਫ ਖੰਨਾ ਦੇ ਇੰਚਾਰਜ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਸਮੇਤ ਪੁਲਸ ਟੀਮਾਂ ਵੱਲੋਂ ਸੰਜੀਦਾ ਢੰਗ ਨਾਲ ਕਾਰਵਾਈ ਕੀਤੀ ਗਈ ਹੈ।

ਪੁਲਸ ਅਧਿਕਾਰੀ ਅਨੁਸਾਰ ਇਹ ਮਾਮਲਾ ਸ਼ਿਕਾਇਤਕਰਤਾ ਅਮਨਦੀਪ ਕੌਰ ਵਾਸੀ ਪਿੰਡ ਲੱਲ ਕਲਾ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ਵਿੱਚ ਉਸਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਾਲ ਸਮਰਾਲਾ ਦੇ ਢਿੱਲੇ ਮਾਰਕੀਟ ਵਿਚ ਗਈ ਹੋਈ ਸੀ, ਜਿੱਥੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਉਸਦੀ ਸੋਨੇ ਦੀ ਚੈਨ ਖੋਹ ਲਈ ਗਈ। ਇਸ ਸ਼ਿਕਾਇਤ ‘ਤੇ ਥਾਣਾ ਸਮਰਾਲਾ ਵਿੱਚ ਮੁਕੱਦਮਾ ਦਰਜ ਕਰਕੇ ਤੁਰੰਤ ਤਫਤੀਸ਼ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਪੁਲਸ ਨੇ ਪਹਿਲਾਂ ਮੁਲਜ਼ਮ ਆਸ਼ੂ ਨੂੰ ਗ੍ਰਿਫਤਾਰ ਕੀਤਾ, ਜਦਕਿ ਮੁੱਖ ਸਾਥੀ ਸ਼ਿਵਾ ਉਰਫ ਸੈਂਟੀ ਉਰਫ ਅਜੈ ਦੀ ਭਾਲ ਜਾਰੀ ਰਹੀ। ਬਾਅਦ ਵਿਚ ਸੀ.ਆਈ.ਏ ਸਟਾਫ ਦੀ ਟੀਮ ਨੇ ਕਾਰਵਾਈ ਕਰਦਿਆਂ ਸ਼ਿਵਾ ਨੂੰ ਵੀ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਗਿਰੋਹ ਵਿੱਚ ਸਾਗਰ, ਜੈ ਰਾਮ ਅਤੇ ਕਾਂਤਾ ਵੀ ਸ਼ਾਮਲ ਹਨ, ਜੋ ਚੋਰੀਸ਼ੁਦਾ ਵਾਹਨਾਂ ਅਤੇ ਖੋਹ ਕੀਤੇ ਸੋਨੇ ਦੇ ਗਹਿਣਿਆਂ ਦੀ ਖਰੀਦ-ਫਰੋਖਤ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਸਨ। ਇਸ ‘ਤੇ ਪੁਲਸ ਨੇ ਉਕਤ ਤਿੰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ।

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ 2 ਚੋਰੀਸ਼ੁਦਾ ਮੋਟਰਸਾਈਕਲ ਸ਼ਿਵਾ ਅਤੇ ਸਾਗਰ ਤੋਂ ਬਰਾਮਦ ਕੀਤੇ ਗਏ, ਜਦਕਿ ਖੋਹ ਕੀਤੀ ਸੋਨੇ ਦੀ ਚੈਨ ਕਾਂਤਾ ਅਤੇ ਜੈ ਰਾਮ ਕੋਲੋਂ ਮਿਲੀ, ਜਿਸਨੂੰ ਵੇਚਣ ਲਈ ਉਨ੍ਹਾਂ ਨੂੰ ਦਿੱਤਾ ਗਿਆ ਸੀ। ਅੱਗੇ ਪੁੱਛਗਿੱਛ ਵਿਚ ਇਹ ਵੀ ਖੁਲਾਸਾ ਹੋਇਆ ਕਿ ਇਹ ਗਿਰੋਹ ਚੋਰੀ ਅਤੇ ਲੁੱਟ-ਖੋਹ ਕਰਕੇ ਪ੍ਰਾਪਤ ਕੀਤਾ ਸੋਨਾ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਚੱਤਰ ਸੇਮ ਨੂੰ ਵੇਚਦਾ ਸਨ, ਜਿਸ ਦੀ ਭਾਲ ਜਾਰੀ ਹੈ। ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਇਹ ਗਿਰੋਹ ਖੰਨਾ, ਮੋਹਾਲੀ, ਚੰਡੀਗੜ੍ਹ, ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਸਮੇਤ ਦਿੱਲੀ ਅਤੇ ਹਰਿਆਣਾ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਆਸ਼ੂ, ਸ਼ਿਵਾ ਅਤੇ ਸਾਗਰ ਖਿਲਾਫ ਪਹਿਲਾਂ ਵੀ ਗੰਭੀਰ ਧਾਰਾਵਾਂ ਹੇਠ ਮਾਮਲੇ ਦਰਜ ਹਨ। ਇਸ ਸਮੇਂ ਸਾਰੇ ਮੁਲਜ਼ਮਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।


author

Anmol Tagra

Content Editor

Related News