ਲੁਧਿਆਣਾ ''ਚ ਟ੍ਰੈਫ਼ਿਕ ਮੁਲਾਜ਼ਮਾਂ ''ਤੇ ਲੱਗੇ ਰਿਸ਼ਵਤ ਲੈਣ ਦੇ ਦੋਸ਼! ਵੀਡੀਓ ਵਾਇਰਲ
Sunday, Apr 12, 2026 - 06:32 PM (IST)
ਲੁਧਿਆਣਾ (ਗਣੇਸ਼): ਲੁਧਿਆਣਾ ਸ਼ਹਿਰ ਵਿਚ ਮਾਰੂਤੀ ਵੈਗਨਆਰ ਨਾਲ ਜੁੜੇ ਕਥਿਤ ਚਲਾਨ ਵਸੂਲੀ ਦੇ ਮਾਮਲੇ ਵਿਚ ਇਕ ਨਵਾਂ ਪਹਿਲੂ ਸਾਹਮਣੇ ਆਇਆ ਹੈ, ਜਿੱਥੇ ਚਲਾਨ ਦੇ ਨਾਂ 'ਤੇ ਸੌਦੇਬਾਜ਼ੀ ਕਰਨ ਦੇ ਦੋਸ਼ ਲਗਾਏ ਗਏ ਹਨ। ਪੀੜਤ ਪੱਖ ਦੀ ਰੁਚੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੁਲਸ ਕਰਮਚਾਰੀ ਨੇ ਉਨ੍ਹਾਂ ਨੂੰ ਦੋ ਆਪਸ਼ਨ ਦਿੱਤੇ ਸਨ: ਜਾਂ ਤਾਂ ਮੌਕੇ 'ਤੇ ₹1000 ਦੇ ਕੇ ਮਾਮਲਾ ਖਤਮ ਕਰ ਲਿਆ ਜਾਵੇ ਜਾਂ ਫਿਰ ₹3000 ਦਾ ਆਨਲਾਈਨ ਚਲਾਨ ਭੁਗਤਿਆ ਜਾਵੇ। ਉਨ੍ਹਾਂ ਅਨੁਸਾਰ, ਉਸ ਸਮੇਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਚੈੱਕ ਨਹੀਂ ਕੀਤੇ ਗਏ ਅਤੇ ਸਿੱਧੀ ਪੈਸਿਆਂ ਦੀ ਮੰਗ ਕੀਤੀ ਗਈ।
ਇਸ ਘਟਨਾ ਤੋਂ ਬਾਅਦ ਰੁਚੀ ਸ਼ਰਮਾ ਨੂੰ ਕਈ ਫੋਨ ਆ ਰਹੇ ਹਨ, ਜਿਨ੍ਹਾਂ ਵਿਚੋਂ ਕੁਝ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਅਤੇ ਕੁਝ ਇਸ ਨੂੰ ਗਲਤ ਦੱਸ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਇਸ ਮਾਮਲੇ ਨੂੰ ਲੈ ਕੇ ਬਹਿਸ ਛਿੜ ਗਈ ਹੈ, ਜਿੱਥੇ ਕੁਝ ਯੂਜ਼ਰਸ ਇਸ ਨੂੰ ਭ੍ਰਿਸ਼ਟਾਚਾਰ ਦਾ ਮਾਮਲਾ ਕਹਿ ਰਹੇ ਹਨ ਅਤੇ ਕੁਝ ਇਸ ਨੂੰ ਭਰਮਾਊ ਜਾਣਕਾਰੀ ਕਰਾਰ ਦੇ ਰਹੇ ਹਨ।
ਵਲੌਗਰ ਮਹਿਲਾ ਵੱਲੋਂ ਲਾਏ ਦੋਸ਼ ਝੂਠੇ: ਏ. ਐੱਸ. ਆਈ.
ਦੂਜੇ ਪਾਸੇ, ਏ.ਐੱਸ.ਆਈ. ਨੀਲਕੰਠ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਵੀਡੀਓ ਰਾਹੀਂ ਮਿਲੀ ਹੈ ਅਤੇ ਉਨ੍ਹਾਂ ਦੇ ਰਿਕਾਰਡ ਵਿਚ ਅਜਿਹੀ ਕਿਸੇ ਗੱਡੀ ਦਾ ਕੋਈ ਜ਼ਿਕਰ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਵੀਡੀਓ ਬਣਾਉਣ ਵਾਲੀ ਮਹਿਲਾ ਇਕ ਸੋਸ਼ਲ ਮੀਡੀਆ ਵਲੌਗਰ ਹੈ ਅਤੇ ਸ਼ਾਇਦ ਮਸ਼ਹੂਰ ਹੋਣ ਲਈ ਅਜਿਹੇ ਝੂਠੇ ਦੋਸ਼ ਲਗਾ ਰਹੀ ਹੈ। ਉਨ੍ਹਾਂ ਅਨੁਸਾਰ, ਬਿਨਾਂ ਕਿਸੇ ਸੱਚਾਈ ਦੇ ਕਿਸੇ ਦੀ ਵੀਡੀਓ ਬਣਾ ਕੇ ਉਸ ਨੂੰ ਬਦਨਾਮ ਕਰਨਾ ਆਸਾਨ ਹੈ।
