ਖੱਬੇ ਹੱਥ ਦੇ ਬੱਲੇਬਾਜ਼ ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ''ਚ ਚੋਣ

Friday, Jun 08, 2018 - 04:52 AM (IST)

ਲੁਧਿਆਣਾ(ਵਿੱਕੀ)-ਪਹਿਲਾਂ ਯਸ਼ਪਾਲ ਸ਼ਰਮਾ, ਫਿਰ ਗਗਨਦੀਪ ਸਿੰਘ ਅਤੇ ਹੁਣ ਨੇਹਾਲ ਵਡੇਰਾ ਤੀਜੇ ਅਜਿਹੇ ਮਾਣਮੱਤੇ ਲੁਧਿਆਣਵੀ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਦੀ ਚੋਣ ਭਾਰਤੀ ਕ੍ਰਿਕਟ ਟੀਮ ਵਿਚ ਹੋਈ ਹੈ। ਬੀ. ਸੀ. ਸੀ. ਆਈ. ਵੱਲੋਂ ਸ਼੍ਰੀਲੰਕਾ ਟੂਰ 'ਤੇ ਜਾਣ ਵਾਲੀ ਅੰਡਰ-19 ਭਾਰਤੀ ਕ੍ਰਿਕਟ ਟੀਮ 'ਚ ਸ਼ਹਿਰ ਦੇ ਸਰਾਭਾ ਨਗਰ ਦੇ ਰਹਿਣ ਵਾਲੇ 19 ਸਾਲਾ ਨੇਹਾਲ ਨੂੰ ਚੁਣਿਆ ਗਿਆ ਹੈ। ਆਪਣੀ ਦਮਦਾਰ ਬੱਲੇਬਾਜ਼ੀ ਦੀ ਬਦੌਲਤ ਖੱਬੇ ਹੱਥ ਨਾਲ ਇਸ ਬੱਲੇਬਾਜ਼ ਨੇ ਕੁੱਝ ਦਿਨ ਪਹਿਲਾਂ ਹੀ ਨਾਰਥ ਜ਼ੋਨ ਟੀਮ ਵਿਚ ਵੀ ਜਗ੍ਹਾ ਬਣਾਈ ਸੀ। ਨੇਹਾਲ ਹੀ ਇਕੋ ਇਕ ਅਜਿਹਾ ਬੱਲੇਬਾਜ਼ ਹੈ, ਜਿਸ ਨੇ ਸਟੇਟ ਮੁਕਾਬਲੇ ਦੇ ਅੰਡਰ-19 ਵਰਗ ਵਿਚ ਖੇਡਦੇ ਹੋਏ 550 ਦੇ ਕਰੀਬ ਸਕੋਰ ਬਣਾ ਕੇ ਚੋਣਕਰਤਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਬਾਅਦ ਨਾਰਥ ਜ਼ੋਨ 'ਚ ਚੋਣ ਹੋਣ ਤੋਂ ਬਾਅਦ ਇਸ ਖੱਬੇ ਹੱਥ ਦੇ ਓਪਨਰ ਬੱਲੇਬਾਜ਼ ਨੇ ਸ਼ਾਨਦਾਰ ਪਾਰੀਆਂ ਖੇਡਦੇ ਹੋਏ 1 ਸੈਂਚੁਰੀ ਤੋਂ ਇਲਾਵਾ 2 ਅਰਧ-ਸੈਂਚੁਰੀਆਂ ਵੀ ਠੋਕ ਕੇ ਭਾਰਤੀ ਅੰਡਰ-19 ਟੀਮ ਵਿਚ ਵੀ ਆਪਣਾ ਸਥਾਨ ਪੱਕਾ ਕਰ ਲਿਆ।
2 ਚਾਰ ਦਿਨਾ ਤੇ 5 ਇਕ ਦਿਨਾ ਮੈਚ ਖੇਡਣਗੇ ਸ਼੍ਰੀਲੰਕਾ 'ਚ
ਖਾਸ ਗੱਲ ਤਾਂ ਇਹ ਹੈ ਕਿ ਇਸ ਟੀਮ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜਨ ਤੇਂਦੁਲਕਰ ਨੂੰ ਵੀ ਚੁਣਿਆ ਗਿਆ ਹੈ ਮਤਲਬ ਨੇਹਾਲ ਅਤੇ ਅਰਜਨ ਸ਼੍ਰੀਲੰਕਾ ਟੂਰ 'ਤੇ ਭਾਰਤੀ ਟੀਮ ਵਿਚ ਇਕੱਠੇ ਖੇਡਣਗੇ। ਟੀਮ ਸ਼੍ਰੀਲੰਕਾ ਵਿਚ 2 ਚਾਰ ਦਿਨਾ ਅਤੇ 5 ਇਕ ਦਿਨਾ ਮੈਚ ਖੇਡੇਗੀ। ਭਾਰਤੀ ਅੰਡਰ-19 ਟੀਮ ਦਾ ਇਹ ਦੌਰਾ ਜੁਲਾਈ 'ਚ ਸ਼ੁਰੂ ਹੋਵੇਗਾ। 
ਬੀ. ਸੀ. ਐੱਮ. ਤੋਂ ਕੀਤੀ 12ਵੀਂ, ਹਾਸਲ ਕੀਤੇ 89 ਫੀਸਦੀ ਨੰਬਰ
ਨੇਹਾਲ ਦੀ ਭਾਰਤੀ ਅੰਡਰ-19 ਟੀਮ ਵਿਚ ਚੋਣ ਹੋਣ ਦੀ ਸੂਚਨਾ ਮਿਲਦੇ ਹੀ ਉਸ ਦੇ ਘਰ ਵਿਚ ਖੁਸ਼ੀ ਦਾ ਮਾਹੌਲ ਕਾਇਮ ਹੋ ਗਿਆ। ਕ੍ਰਿਕਟ ਪ੍ਰੇਮੀਆਂ ਨੇ ਨੇਹਾਲ ਦੇ ਪਿਤਾ ਕਮਲ ਵਡੇਰਾ ਨੂੰ ਫੋਨ ਕਰ ਕੇ ਅਤੇ ਘਰ ਪੁੱਜ ਕੇ ਵਧਾਈਆਂ ਦਿੱਤੀਆਂ। ਇਥੇ ਦੱਸ ਦੇਈਏ ਕਿ ਇਸ ਕ੍ਰਿਕਟਰ ਨੇ ਹਾਲ ਹੀ ਵਿਚ ਐਲਾਨੇ ਗਏ ਸੀ. ਬੀ. ਐੱਸ. ਈ. 12ਵੀਂ ਦੇ ਨਤੀਜੇ ਵਿਚ ਵੀ 89 ਫੀਸਦੀ ਨੰਬਰ ਲਏ ਹਨ। ਨੇਹਾਲ ਬੀ. ਸੀ. ਐੱਮ. ਆਰਿਆ ਸਕੂਲ ਸ਼ਾਸਤਰੀ ਨਗਰ ਦਾ ਵਿਦਿਆਰਥੀ ਰਿਹਾ ਹੈ।
ਨਾਮੀ ਕ੍ਰਿਕਟਰਾਂ ਦੀ ਬੈਟਿੰਗ ਤਕਨੀਕ ਨੂੰ ਰੱਖਦਾ ਹੈ ਦਿਮਾਗ 'ਚ
ਕਮਲ ਵਡੇਰਾ ਨੇ ਇਸ ਕਾਮਯਾਬੀ ਦਾ ਸਿਹਰਾ ਐੱਲ. ਡੀ. ਸੀ. ਏ. ਦੇ ਜਨਰਲ ਸਕੱਤਰ ਵਿਨੋਦ ਚਿਤਕਾਰਾ ਅਤੇ ਕੋਚ ਚਰਨਜੀਤ ਚੰਨੀ ਨੂੰ ਵੀ ਦਿੱਤਾ। ਉਨ੍ਹਾਂ ਦੱਸਿਆ ਕਿ 18 ਸਾਲਾ ਨੇਹਾਲ ਜਦੋਂ 8 ਸਾਲ ਦਾ ਸੀ, ਉਦੋਂ ਤੋਂ ਕ੍ਰਿਕਟ ਗਰਾਊਂਡ ਵਿਚ ਪੂਰੀ ਲਗਨ ਨਾਲ ਪ੍ਰੈਕਟਿਸ ਕਰਨ ਜਾ ਰਿਹਾ ਹੈ। ਉਸ ਨੇ ਕਈ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਜ਼ੋਰ 'ਤੇ ਹੀ ਪੰਜਾਬ ਦੀ ਅੰਡਰ-14 ਅਤੇ ਅੰਡਰ-16 ਟੀਮ ਵਿਚ ਵੀ ਖੇਡਦੇ ਹੋਏ ਆਪਣਾ ਹਰਫਨਮੌਲਾ ਪ੍ਰਦਰਸ਼ਨ ਜਾਰੀ ਰੱਖਿਆ। ਪਿਤਾ ਨੇ ਦੱਸਿਆ ਕਿ ਨੇਹਾਲ ਗਰਾਊਂਡ ਵਿਚ ਕੋਚਿੰਗ ਤੋਂ ਵਾਪਸ ਆ ਕੇ ਆਮ ਕਰ ਕੇ ਇੰਟਰਨੈੱਟ 'ਤੇ ਵਿਸ਼ਵ ਦੇ ਪ੍ਰਮੁੱਖ ਬੱਲੇਬਾਜ਼ਾਂ ਦੀ ਤਕਨੀਕ ਨੂੰ ਦੇਖਦਾ ਰਹਿੰਦਾ ਸੀ ਅਤੇ ਸ਼ਾਮ ਸਮੇਂ ਉਸੇ ਤਕਨੀਕ ਨੂੰ ਦਿਮਾਗ 'ਚ ਰੱਖ ਕੇ ਆਪਣੀ ਪ੍ਰੈਕਟਿਸ ਕਰਦਾ ਹੈ।
ਕੀ ਕਹਿੰਦੇ ਹਨ ਕੋਚ ਚਰਨਜੀਤ ਭੰਗੂ
ਕੋਚ ਚਰਨਜੀਤ ਭੰਗੂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਐੱਲ. ਡੀ. ਸੀ. ਏ. ਦਾ ਇਕ ਹੋਰ ਕ੍ਰਿਕਟਰ ਇਸ ਮੁਕਾਮ ਤੱਕ ਪੁੱਜਾ ਹੈ, ਜੋ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨੇਹਾਲ ਅਸਲ ਵਿਚ ਹੀ ਬਿਹਤਰ ਕ੍ਰਿਕਟਰ ਹੈ ਅਤੇ ਉਸ ਵਿਚ ਕ੍ਰਿਕਟ ਪ੍ਰਤੀ ਕਾਫੀ ਲਗਾਅ ਵੀ ਹੈ। ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਭਾਰਤੀ ਟੀਮ ਦਾ ਹਿੱਸਾ ਬਣਨ ਵਾਲਾ ਨੇਹਾਲ ਲੁਧਿਆਣਾ ਦਾ ਪਹਿਲਾ ਖਿਡਾਰੀ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਯਸ਼ਪਾਲ ਸ਼ਰਮਾ ਵੀ ਲੁਧਿਆਣਾ ਦੇ ਰਹਿਣ ਵਾਲੇ ਹਨ। ਨਾਲ ਹੀ 2003 ਵਿਚ ਬੰਗਲਾਦੇਸ਼ ਦੌਰੇ 'ਤੇ ਗਈ ਭਾਰਤੀ ਟੀਮ ਵਿਚ ਚੁਣੇ ਗਏ ਗੇਂਦਬਾਜ਼ ਗਗਨਦੀਪ ਸਿੰਘ ਵੀ ਲੁਧਿਆਣਾ ਨਾਲ ਸਬੰਧਤ ਸਨ।
ਵਿਰਾਟ ਕੋਹਲੀ ਦੇ ਨਾਲ ਕ੍ਰੀਜ਼ 'ਤੇ ਬੈਟਿੰਗ ਕਰਨ ਦਾ ਹੈ ਸੁਪਨਾ : ਨੇਹਾਲ
ਆਪਣੀ ਚੋਣ ਤੋਂ ਗਦਗਦ ਹੋਏ ਨੇਹਾਲ ਨੇ ਕਿਹਾ ਕਿ ਉਸ ਦਾ ਸੁਪਨਾ ਰਿਹਾ ਹੈ ਕਿ ਉਹ ਕ੍ਰਿਕਟ ਵਿਚ ਇਸ ਮੁਕਾਮ ਤੱਕ ਪੁੱਜੇ, ਜਿੱਥੇ ਲੁਧਿਆਣਾ ਦਾ ਨਾਂ ਫਿਰ ਰੌਸ਼ਨ ਹੋ ਸਕੇ। ਇਸ ਕ੍ਰਿਕਟਰ ਨੇ ਕਿਹਾ ਕਿ ਅਜੇ ਤਾਂ ਉਸ ਨੇ ਰਫਤਾਰ ਫੜੀ ਹੈ ਪਰ ਉਸ ਦਾ ਸੁਪਨਾ ਵਿਰਾਟ ਕੋਹਲੀ ਦੇ ਨਾਲ ਸੀਨੀਅਰ ਭਾਰਤੀ ਟੀਮ ਵਿਚ ਖੇਡਣ ਦਾ ਹੈ। ਨੇਹਾਲ ਨੇ ਕਿਹਾ ਕਿ ਉਹ ਆਪਣੇ ਕ੍ਰਿਕਟ ਦੇ ਸ਼ੁਰੂਆਤੀ ਦੌਰ ਤੋਂ ਹੀ ਕ੍ਰਿਕਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਨੂੰ ਦੇਖਦਾ ਆਇਆ ਹੈ ਅਤੇ ਸੁਪਨਾ ਸੀ ਕਿ ਸਚਿਨ ਵਾਂਗ ਹੀ ਭਾਰਤੀ ਟੀਮ ਦਾ ਨਾਮੀ ਚਿਹਰਾ ਬਣਾ। ਨੇਹਾਲ ਨੇ ਕਿਹਾ ਕਿ ਅਜੇ ਉਸ ਦੀਆਂ ਨਜ਼ਰਾਂ ਸ਼੍ਰੀਲੰਕਾ ਦੇ ਇਸ ਦੌਰੇ ਤੋਂ ਬਾਅਦ ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਕ੍ਰਿਕਟ ਅੰਡਰ-19 'ਤੇ ਹਨ ਤਾਂਕਿ ਉੱਥੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਕੇ ਸੀਨੀਅਰ ਭਾਰਤੀ ਟੀਮ ਦਾ ਹਿੱਸਾ ਬਣ ਸਕਾਂ। 


Related News