ਸੁਨੀਲ ਜਾਖੜ ਦੇ 'ਅਸਤੀਫ਼ੇ' ਦੀ ਚਰਚਾ ਮਗਰੋਂ ਐਕਸ਼ਨ ਮੋਡ 'ਚ ਭਾਜਪਾ!
Monday, Sep 30, 2024 - 08:42 AM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਕਾਰਨ ਪੰਜਾਬ ਦੀ ਸਿਆਸਤ ਵਿਚ ਹਲਚਲ ਮਚੀ ਹੋਈ ਹੈ। ਹਾਲਾਂਕਿ ਇਸ ਬਾਰੇ ਸੁਨੀਲ ਜਾਖੜ ਦਾ ਆਪਣਾ ਬਿਆਨ ਤਾਂ ਸਾਹਮਣੇ ਨਹੀਂ ਆਇਆ, ਪਰ ਅਨਿਲ ਸਰੀਨ ਤੇ ਹਰਜੀਤ ਗਰੇਵਾਲ ਜਿਹੇ ਸੀਨੀਅਰ ਭਾਜਪਾ ਆਗੂਆਂ ਵੱਲੋਂ ਜਾਖੜ ਦੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦਿੱਤਾ ਗਿਆ ਹੈ। ਇਸ ਵਿਚਾਲੇ ਅੱਜ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਸੱਦ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਕਦਮ
ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਣੀ ਦੀ ਅਗਵਾਈ ਵਿਚ ਪਾਰਟੀ ਦੀ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਸਮੂਹ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਹੈ। ਮੀਟਿੰਗ ਅੱਜ ਚੰਡੀਗੜ੍ਹ ਵਿਖੇ ਦੁਪਹਿਰ 1 ਵਜੇ ਹੋਣ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਵਿਚ ਸੁਨੀਲ ਜਾਖੜ ਹਿੱਸਾ ਲੈਂਦੇ ਹਨ ਜਾਂ ਨਹੀਂ। ਕਿਉਂਕਿ ਬੀਤੇ ਦਿਨੀਂ ਵਿਜੇ ਰੁਪਾਣੀ ਵੱਲੋਂ ਬਠਿੰਡਾ ਵਿਚ ਜ਼ਿਮਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ, ਪਰ ਇਸ ਵਿਚੋਂ ਸੂਬਾ ਪ੍ਰਧਾਨ ਗੈਰ-ਹਾਜ਼ਰ ਰਹੇ ਸਨ। ਉੱਧਰ, ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਸੁਨੀਲ ਜਾਖੜ ਵਿਚਾਲੇ ਵੀ ਬੀਤੇ ਦਿਨੀਂ ਮੀਟਿੰਗ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਗੱਲਾਂ ਤੋਂ ਨਾਰਾਜ਼ ਨੇ ਸੁਨੀਲ ਜਾਖੜ
ਇੱਥੇ ਦੱਸ ਦਈਏ ਕਿ ਸੁਨੀਲ ਜਾਖੜ ਦੇ ਅਸਤੀਫ਼ੇ ਦੀ ਚਰਚਾ ਕਾਰਨ ਵਿਰੋਧੀਆਂ ਵੱਲੋਂ ਵੀ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਜਾਖੜ ਦੇ ਅਸਤੀਫ਼ੇ ਨਾਲ ਜੁੜੀ ਖ਼ਬਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਇਸ ਦੇ ਨਾਲ ਹੀ ਵੜਿੰਗ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਅੱਗੇ ਕਿੱਥੇ ਜਾ ਰਹੇ ਹਨ।
ਇਸ ਤੋਂ ਇਲਾਵਾ ਲੁਧਿਆਣਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਸੀ ਕਿ ਜਦੋਂ ਵੀ ਪਾਰਟੀ ਨੂੰ ਸੁਨੀਲ ਜਾਖੜ ਦੀ ਲੋੜ ਹੁੰਦੀ ਹੈ ਤਾਂ ਉਹ ਦੌੜ ਜਾਂਦੇ ਹਨ। ਉਨ੍ਹਾਂ ਨੇ ਕਾਂਗਰਸ ਨਾਲ ਵੀ ਅਜਿਹਾ ਕੀਤਾ ਸੀ ਤੇ ਹੁਣ ਭਾਜਪਾ ਨਾਲ ਵੀ ਅਜਿਹਾ ਕਰ ਰਹੇ ਹਨ। ਇਸ 'ਤੇ ਪੰਜਾਬ ਭਾਜਪਾ ਵੱਲੋਂ ਵੜਿੰਗ ਨੂੰ ਆਪਣੀ ਪ੍ਰਧਾਨਗੀ ਬਚਾਉਣ ਦੀ ਨਸੀਹਤ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8