ਮਲੋਟ ਸ਼ਹਿਰ ਇਕ ਵਾਰ ਫਿਰ ਵਿਸ਼ਵ ਕ੍ਰਿਕਟ ਕੱਪ ਦੇ ਮੈਚਾਂ ’ਤੇ ਲੱਗਦੇ ਸੱਟੇ ਦੇ ਪ੍ਰਛਾਵੇਂ ਹੇਠ

Saturday, Nov 04, 2023 - 06:19 PM (IST)

ਮਲੋਟ (ਸ਼ਾਮ ਜੁਨੇਜਾ) : ਮਲੋਟ ਸ਼ਹਿਰ ਇਕ ਵਾਰ ਫਿਰ ਵਿਸ਼ਵ ਕੱਪ ਦੇ ਮੈਚਾਂ ਦੇ ਨਾਲ ਕ੍ਰਿਕਟ ’ਤੇ ਚੱਲ ਰਹੇ ਸੱਟੇ ਦੇ ਪ੍ਰਛਾਵੇ ਹੇਠ ਆ ਚੁੱਕਾ ਹੈ। ਸ਼ਹਿਰ ਦੇ ਵੱਖ-ਵੱਖ ਭਾਗਾਂ ਵਿਚ ਦਰਜਨਾਂ ਬੁੱਕੀ ਸੱਟੇ ਮਾਫ਼ੀਏ ਕੋਲ ਕਮਿਸ਼ਨ ਅਤੇ ਆਈ. ਡੀ. ਲੈਕੇ ਦੇਣ ਦਾ ਕੰਮ ਕਰਦੇ ਹਨ । ਪਿਛਲੇ ਇਕ ਮਹੀਨੇ ਵਿਚ ਹੋਏ ਮੈਚਾਂ ਦੌਰਾਨ ਕਰੋੜਾਂ ਰੁਪਏ ਦਾ ਦੇਣ ਲੈਣ ਹੋ ਚੁੱਕਾ ਹੈ। ਕ੍ਰਿਕਟ ਮੈਚਾਂ ਦੇ ਸੱਟੇ ਦਾ ਅਸਰ ਮਹਾਂਨਗਰਾਂ ਤੋਂ ਲੈਕੇ ਛੋਟੀਆਂ ਮੰਡੀਆਂ ’ਤੇ ਪੈ ਰਿਹਾ ਹੈ। ਮਲੋਟ ਸ਼ਹਿਰ ਨਾਲ ਸਬੰਧਤ ਅੱਧੀ ਦਰਜਨ ਵੱਡੇ ਸੱਟੇਬਾਜ਼ ਜਿਥੇ ਪੰਚਕੂਲਾ ਅਤੇ ਮੁੰਬਈ ਵਰਗੇ ਮਹਾਨਗਰਾਂ ਤੱਕ ਧੰਦਾ ਚਲਾ ਰਹੇ ਹਨ। ਉਥੇ ਸ਼ਹਿਰ ਅੰਦਰ ਦਰਜਨਾਂ ਛੋਟੇ ਕੀ  ਕਮਿਸ਼ਨ ਤੇ ਆਈ ਡੀਜ਼ ਲੈ ਕੇ ਇਸ ਕੰਮ ਵਿਚ ਹਿੱਸੇਦਾਰ ਬਣ ਰਹੇ ਹਨ। ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਵਿਸ਼ਵ ਕ੍ਰਿਕਟ ਕੱਪ ਮੁਕਾਬਲੇ 19 ਨਵੰਬਰ ਤੱਕ ਚੱਲਣੇ ਹਨ ਜਿਸ ਕਰਕੇ ਅੱਜ ਕੱਲ ਇਹ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕ੍ਰਿਕਟ ਮੈਚ ਦੌਰਾਨ ਪੂਰੇ ਮੈਚ ਦੀ ਜਿੱਤ ਹਾਰ ਤੋਂ ਲੈਕੇ ਪਾਰੀ, ਸੀਰੀਜ਼ , ਓਵਰਾਂ ਦੇ ਹਿਸਾਬ ਨਾਲ ਰਨ, ਪ੍ਰਤੀ ਓਵਰ ਜਾਂ ਮੈਚ ਵਿਚ ਕਿੰਨੇ ਚੌਕੇ ਛੱਕੇ ਅਤੇ ਖਿਡਾਰੀਆਂ ਦੀ ਪਰਫਾਰਮੈਂਸ ਤੱਕ ਸੱਟਾ ਲੱਗਦਾ ਹੈ।

ਪਹਿਲਾਂ ਸਿਰਫ ਫੋਨਾਂ ’ਤੇ ਫਿਰ ਮੋਬਾਇਲਾਂ ਅਤੇ ਹੁਣ ਆਈ. ਡੀ. ਖਰੀਦ ਕੇ ਸੱਟਾ ਚੱਲਦਾ ਹੈ, ਜਿਸ ਵਿਚ ਮਲੋਟ ਸ਼ਹਿਰ ਅੰਦਰ  ਦਰਜਨਾਂ ਦਲਾਲ ਕਮਿਸ਼ਨ ’ਤੇ ਕੰਮ ਕਰਦੇ ਹਨ। ਇਨ੍ਹਾਂ ਮੈਚਾਂ ਨਾਲ ਨੌਜਵਾਨਾਂ ਤੋਂ ਲੈਕ ਵੱਡੀ ਉਮਰ ਦੇ ਚਸਕਾ ਰੱਖਣ ਵਾਲੇ ਲੱਖਾਂ ਕਰੋੜਾਂ ਦੀ ਜਿੱਤ ਹਾਰ ਤੱਕ ਲਾਉਂਦੇ ਹਨ। ਜਾਣਕਾਰੀ ਅਨੁਸਾਰ ਇਸ ਧੰਦੇ ਨਾਲ ਸਬੰਧਤ ਅੱਧੀ ਦਰਜਨ ਵਿਅਕਤੀ ਵੱਡੇ ਸ਼ਹਿਰਾਂ ਵਿਚ ਰਹਿ ਕਿ ਕਰੋੜਾਂ ਰੁਪਏ ਕਮਾ ਚੁੱਕੇ ਹਨ ਤਾਂ ਉਸਤੋਂ ਬਾਅਦ ਇਸ ਦਾ ਲਾਭ ਆਈ. ਡੀ. ਵਿਚੋਂ ਕਮਿਸ਼ਨ ਖਾਣ ਵਾਲੇ ਵਿਅਕਤੀਆਂ ਜਾਂ ਛੋਟੇ ਬੁੱਕੀਆਂ ਨੂੰ ਫਾਇਦਾ ਹੁੰਦਾ ਹੈ ਜਦ ਕਿ ਵਧੇਰੇ ਲੋਕ ਤਾਂ ਆਪਣਾ ਸਭ ਕੁਝ ਗਵਾ ਬੈਠਦੇ ਹਨ। ਸ਼ਹਿਰ ਦੇ ਕਈ ਵੱਡੇ ਘਰਾਂ ਤੇ ਨੌਜਵਾਨ ਕ੍ਰਿਕਟ ਸੱਟੇ ਵਿਚ ਲੱਖਾਂ ਰੁਪਏ ਹਾਰ ਚੁੱਕੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਗੈਂਗਵਾਰ ਦਾ ਮੁੱਖ ਕਾਰਨ ਵੀ ਨਸ਼ੇ ਜਾਂ ਸੱਟੇ ਪਿੱਛੇ ਇਲਾਕੇ ਤੇ ਬੁੱਕੀਆਂ ਦੀ ਵੰਡ ਨੂੰ ਲੈਕੇ ਹੁੰਦੀ ਹੈ। ਇਸ ਤੋਂ ਇਲਾਵਾ ਕ੍ਰਿਕਟ ਸੱਟੇ ਵਿਚ ਹਾਰਨ ਵਾਲੇ ਵਿਅਕਤੀ ਗਲਤ ਰਸਤੇ ਅਖਤਿਆਰ ਕਰਦੇ ਹਨ। ਇਸ ਲਈ ਬੁੱਧੀਜੀਵੀ ਤਬਕੇ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹਨਾਂ ਬੁੱਕੀਆਂ ਤੇ ਇਨ੍ਹਾਂ ਦੇ ਦਲਾਲਾਂ  ਦੀ ਸ਼ਨਾਖਤ ਕਰਕੇ ਬਣਦੀ ਕਾਰਵਾਈ ਕਰਨ ਦੀ ਲੋੜ ਹੈ।
 


Gurminder Singh

Content Editor

Related News