ਬਾਰਿਸ਼ ਦੀ ਭੇਟ ਚੜ੍ਹੀ ਬਰਲਟਨ ਪਾਰਕ ਦੀ ਪਟਾਕਾ ਮਾਰਕੀਟ: ਖ਼ਰਾਬ ਹੋਏ ਲੱਖਾਂ ਦੇ ਪਟਾਕੇ
Saturday, Nov 11, 2023 - 11:10 AM (IST)
ਜਲੰਧਰ (ਪੁਨੀਤ)–ਬਰਲਟਨ ਪਾਰਕ ਵਿਚ ਬਣਾਈ ਗਈ ਅਸਥਾਈ ਪਟਾਕਾ ਮਾਰਕੀਟ ਬਾਰਿਸ਼ ਦੀ ਭੇਟ ਚੜ੍ਹੀ ਨਜ਼ਰ ਆਈ, ਇਸ ਕਾਰਨ ਕਈ ਦੁਕਾਨਦਾਰਾਂ ਵਿਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਸਿਰਫ਼ ਕੁਝ ਸਮੇਂ ਹੋਈ ਬਾਰਿਸ਼ ਨਾਲ ਜਗ੍ਹਾ-ਜਗ੍ਹਾ ਪਾਣੀ ਭਰਿਆ ਨਜ਼ਰ ਆ ਰਿਹਾ ਹੈ, ਉਥੇ ਹੀ ਇਲਾਕਾ ਕੱਚਾ ਹੋਣ ਕਾਰਨ ਮਾਰਕੀਟ ਵਿਚ ਹਰ ਪਾਸੇ ਦਲਦਲ ਦਾ ਸਾਮਰਾਜ ਵੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਉਚਿਤ ਪ੍ਰਬੰਧ ਕੀਤੇ ਗਏ ਹੁੰਦੇ ਤਾਂ ਅਜਿਹੇ ਹਾਲਾਤ ਨਾ ਬਣਦੇ ਪਰ ਅਧਿਕਾਰੀਆਂ ਨੇ ਇਸ ਪ੍ਰਤੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਦੂਜੇ ਪਾਸੇ ਦਲਦਲ ਹੋਣ ਕਾਰਨ ਦੋਪਹੀਆ ਵਾਹਨਾਂ ’ਤੇ ਆਏ ਲੋਕ ਪਟਾਕੇ ਖਰੀਦੇ ਬਿਨਾਂ ਹੀ ਵਾਪਸ ਮੁੜ ਗਏ।
ਇਹ ਵੀ ਪੜ੍ਹੋ: ਮੌਸਮ ਨੇ ਬਦਲਿਆ ਮਿਜਾਜ਼, ਕੁਦਰਤ ਨੇ ਵਿਖਾਇਆ ਅਨੋਖਾ ਰੰਗ, ਦਿਨ ਚੜ੍ਹਦਿਆਂ ਹੀ ਫਿਰ ਤੋਂ ਛਾਇਆ ਹਨੇਰਾ
ਮਾਰਕੀਟ ਦੇ ਚਾਰੇ ਪਾਸੇ ਜਗ੍ਹਾ-ਜਗ੍ਹਾ ਪਾਣੀ ਭਰਨ ਨਾਲ ਦੁਕਾਨਦਾਰਾਂ ਵੱਲੋਂ ਇੱਟਾਂ ਮੰਗਵਾ ਕੇ ਅਸਥਾਈ ਰਸਤਾ ਤਿਆਰ ਕੀਤਾ ਗਿਆ, ਤਾਂ ਕਿ ਗਾਹਕਾਂ ਨੂੰ ਦੁਕਾਨਾਂ ਤਕ ਪਹੁੰਚਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ, ਦੁਕਾਨਦਾਰ ਡੱਬੇ ਨਾਲ ਪਾਣੀ ਕੱਢਦੇ ਹੋਏ ਦੇਖੇ ਗਏ। ਅਜਿਹਾ ਜਾਪ ਰਿਹਾ ਸੀ ਕਿ ਦੁਕਾਨਦਾਰਾਂ ਨੂੰ ਮਦਦ ਨਹੀਂ ਮਿਲ ਪਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਕੰਮ ਕਰਨੇ ਪੈ ਰਹੇ ਹਨ। ਜਿਹੜੇ ਹਾਲਾਤ ਬਣੇ ਹੋਏ ਹਨ, ਉਸ ਤੋਂ ਸਾਫ ਕਿਹਾ ਜਾ ਸਕਦਾ ਹੈ ਕਿ ਬਾਰਿਸ਼ ਕਾਰਨ ਪਟਾਕਾ ਮਾਰਕੀਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਸਵੇਰੇ ਦੁਕਾਨਾਂ ਖੁੱਲ੍ਹਣ ਤੋਂ ਪਹਿਲਾਂ ਬਾਰਿਸ਼ ਹੋਣ ਕਾਰਨ ਕਈ ਦੁਕਾਨਾਂ ਅੰਦਰ ਪਏ ਲੱਖਾਂ ਦੇ ਪਟਾਕੇ ਭਿੱਜ ਗਏ। ਦੂਜੇ ਪਾਸੇ ਵੱਖ-ਵੱਖ ਪਟਾਕਿਆਂ ਵਿਚ ਸਿੱਲ੍ਹ ਆਦਿ ਆਉਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਬਾਰਿਸ਼ ਰੁਕਣ ਤੋਂ ਬਾਅਦ ਦੁਕਾਨਾਂ ਖੁੱਲ੍ਹੀਆਂ ਅਤੇ ਪਟਾਕਿਆਂ ਨੂੰ ਬਾਹਰ ਡਿਸਪਲੇਅ ਕੀਤਾ ਗਿਆ। ਬਾਰਿਸ਼ ਭਾਵੇਂ ਰੁਕ ਚੁੱਕੀ ਸੀ ਪਰ ਸਾਰਾ ਦਿਨ ਬਾਰਿਸ਼ ਹੋਣ ਦਾ ਖਦਸ਼ਾ ਬਣਿਆ ਹੋਇਆ ਸੀ, ਜਿਸ ਕਾਰਨ ਦੁਕਾਨਦਾਰਾਂ ਵੱਲੋਂ ਪਟਾਕਿਆਂ ਨੂੰ ਤਰਪਾਲਾਂ ਆਦਿ ਨਾਲ ਕਵਰ ਕੀਤਾ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿਚ ਪਟਾਕੇ ਡਰਾਈ ਪਲੇਸ (ਖੁਸ਼ਕ ਥਾਂ) ’ਤੇ ਰੱਖਣ ਦੀ ਲੋੜ ਹੁੰਦੀ ਹੈ। ਮਾਹਿਰਾਂ ਨੇ ਕਿਹਾ ਕਿ ਅਜਿਹੇ ਮੌਸਮ ਦੌਰਾਨ ਪਟਾਕਿਆਂ ਵਿਚ ਸਿੱਲ੍ਹ ਆਉਣਾ ਸੁਭਾਵਿਕ ਗੱਲ ਹੈ। ਜੇਕਰ ਸ਼ਨੀਵਾਰ ਨੂੰ ਵੀ ਬਾਰਿਸ਼ ਹੋਈ ਤਾਂ ਪਟਾਕਾ ਮਾਰਕੀਟ ਵਿਚ ਅਸਥਾਈ ਦੁਕਾਨਾਂ ਲਾਉਣ ਵਾਲਿਆਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ। ਦੇਰ ਸ਼ਾਮ ਪਟਾਕਿਆਂ ਦੀ ਵਿਕਰੀ ਵਿਚ ਤੇਜ਼ੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਕੈਨੇਡਾ ਵਿਖੇ ਭੁਲੱਥ ਦੇ ਨੌਜਵਾਨ ਦੀ ਦਰਦਨਾਕ ਮੌਤ
ਦੁਕਾਨਦਾਰਾਂ ਨੇ ਖ਼ੁਦ ਕਰਵਾਇਆ ਸੀ ਦੁਕਾਨਾਂ ਦਾ ਨਿਰਮਾਣ : ਨਿਗਮ ਅਧਿਕਾਰੀ
ਉਥੇ ਹੀ, ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਨਿਗਮ ’ਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਦਾ ਦੋਸ਼ ਲਾਉਣਾ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਗਮ ਵੱਲੋਂ ਅਸਥਾਈ ਮਾਰਕੀਟ ਲਾਉਣ ਲਈ ਥਾਂ ਦਿੱਤੀ ਗਈ ਹੈ। ਦੁਕਾਨਾਂ ਦਾ ਨਿਰਮਾਣ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਵੱਲੋਂ ਆਪਣੇ ਪੱਧਰ ’ਤੇ ਕਰਵਾਇਆ ਗਿਆ ਸੀ। ਦੁਕਾਨਦਾਰਾਂ ਵੱਲੋਂ ਪਾਣੀ ਦਾ ਛਿੜਕਾਅ ਕਰਨ ਦੀ ਮੰਗ ਰੱਖੀ ਗਈ ਸੀ, ਜਿਸ ਤਹਿਤ ਸਬੰਧਤ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਚਾਹੀਦਾ ਸੀ ਕਿ ਮਾਰਕੀਟ ਲਾਉਣ ਵਾਲੀ ਥਾਂ ਨੂੰ ਪੱਕਾ ਕਰਵਾਉਣ ਦਾ ਪ੍ਰਸਤਾਵ ਰੱਖਿਆ ਜਾਂਦਾ ਤਾਂ ਕਿ ਨਿਗਮ ਇਸ ’ਤੇ ਕੋਈ ਕਦਮ ਚੁੱਕ ਸਕਦਾ।
ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711